ਲਖਨਊ, 5 ਨਵੰਬਰ
ਕਾਨਪੁਰ ਦੇ ਚਰਚਿਤ ਬਿਕਰੂ ਕਾਂਡ ਦੀ ਜਾਂਚ ਕਰ ਰਹੀ ਤਿੰਨ ਮੈਂਬਰੀ ਵਿਸ਼ੇਸ਼ ਜਾਂਚ ਟੀਮ(ਐਸਆਈਟੀ)ਨੇ ਆਪਣੀ ਰਿਪੋਰਟ ਉੱਤਰ ਪ੍ਰਦੇਸ਼ ਗ੍ਰਹਿ ਵਿਭਾਗ ਨੂੰ ਸੌਂਪ ਦਿੱਤੀ ਹੈ, ਜਿਸ ਵਿੱਚ 80 ਤੋਂ ਵਧ ਪੁਲੀਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੂੰ ਦੋਸ਼ੀ ਠਹਿਰਾਇਆ ਗਿਆ ਹੈ। ਐਸਆਈਟੀ ਦੀ ਰਿਪੋਰਟ 3500 ਪੰਨਿਆਂ ਦੀ ਹੈ। ਜਾਂਚ ਰਿਪੋਰਟ ਦੇ 700 ਸਫ਼ੇ ਅਹਿਮ ਹਨ ਜਿਨ੍ਹਾਂ ਵਿੱਚ ਦੋਸ਼ੀ ਅਧਿਕਾਰੀਆਂ ਅਤੇ ਮੁਲਾਜ਼ਮਾਂ ਦੀ ਭੁੂਮਿਕਾ ਦਾ ਜ਼ਿਕਰ ਹੈ। ਗ੍ਰਹਿ ਵਿਭਾਗ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ, ‘‘ਸ਼ਾਸਨ ਨੂੰ ਬਿਕਰੂ ਕਾਂਡ ਦੀ ਐਸਆਈਟੀ ਦੀ ਰਿਪੋਰਟ ਮਿਲ ਗਈ ਹੈ। ਇਸ ’ਤੇ ਛੇਤੀ ਕਾਰਵਾਈ ਕੀਤੀ ਜਾਵੇਗੀ।’’ ਸੂਤਰਾਂ ਅਨੁਸਾਰ ਬਿਕਰੂ ਕਾਂਡ ਵਿੱਚ ਪੁਲੀਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਵਿਚਾਲੇ ਸਬੰਧਾਂ ਦੀ ਗੱਲ ਸਾਹਮਣੇ ਆਈ ਹੈ ਅਤੇ ਪੁਲੀਸ ਵਾਲੇ ਹੀ ਵਿਕਾਸ ਦੂਬੇ ਨੂੰ ਅੰਦਰੂਨੀ ਜਾਣਕਾਰੀ ਦਿੰਦੇ ਸਨ ਅਤੇ ਘਟਨਾ ਵਾਲੀ ਰਾਤ ਵਿਕਾਸ ਦੂਬੇ ਨੂੰ ਪਤਾ ਸੀ ਕਿ ਉਸ ਦੇ ਘਰ ’ਤੇ ਪੁਲੀਸ ਛਾਪਾ ਮਾਰਨ ਵਾਲੀ ਹੈ। -ਏਜੰਸੀ