ਅਹਿਮਦਾਬਾਦ, 26 ਜੂਨ
ਮੁੰਬਈ ਤੋਂ ਬੀਤੇ ਦਿਨ ਹਿਰਾਸਤ ’ਚ ਲਏ ਜਾਣ ਮਗਰੋਂ ਅਹਿਮਦਾਬਾਦ ਕ੍ਰਾਈਮ ਬਰਾਂਚ ਨੇ ਸਮਾਜਿਕ ਕਾਰਕੁਨ ਤੀਸਤਾ ਸੀਤਲਵਾੜ ਨੂੰ ਅੱਜ ਗ੍ਰਿਫ਼ਤਾਰ ਕਰ ਲਿਆ ਹੈ। ਉਸ ਨੂੰ ਅਦਾਲਤ ’ਚ ਪੇਸ਼ ਕੀਤਾ ਗਿਆ ਜਿਥੋਂ 2 ਜੁਲਾਈ ਤੱਕ ਉਸ ਨੂੰ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਿਗਆ। ਸੀਤਲਵਾੜ ਨੂੰ ਜਾਅਲਸਾਜ਼ੀ, ਅਪਰਾਧਿਕ ਸਾਜ਼ਿਸ਼ ਤੇ ਕੁੱਟਮਾਰ ਕੀਤੇ ਜਾਣ ਦਾ ਝੂਠਾ ਦੋਸ਼ ਲਗਾ ਕੇ ਕਾਨੂੰਨੀ ਕਾਰਵਾਈ ’ਚ ਅੜਿੱਕਾ ਪਾਉਣ ਦਾ ਨਵਾਂ ਕੇਸ ਦਰਜ ਕਰਕੇ ਬੀਤੇ ਦਿਨ ਮੁੰਬਈ ਤੋਂ ਹਿਰਾਸਤ ਵਿੱਚ ਲਿਆ ਗਿਆ ਸੀ। ਇਹ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ।
ਡੀਸੀਪੀ (ਅਪਰਾਧ) ਚੈਤੰਨਿਆ ਮਾਂਡਲਿਕ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਦਿਨੇ ਕ੍ਰਾਈਮ ਬ੍ਰਾਂਚ ਨੇ ਗੁਜਰਾਤ ਦੇ ਸਾਬਕਾ ਡੀਜੀਪੀ ਸ੍ਰੀਕੁਮਾਰ ਨੂੰ ਗ੍ਰਿਫ਼ਤਾਰ ਕੀਤਾ ਅਤੇ ਉਹ ਸਾਬਕਾ ਆਈਪੀਐੱਸ ਅਫਸਰ ਸੰਜੀਵ ਭੱਟ ਨੂੰ ਹਿਰਾਸਤ ਵਿੱਚ ਲੈਣ ਲਈ ਟਰਾਂਸਫਰ ਵਾਰੰਟ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕ੍ਰਾਈਮ ਬ੍ਰਾਂਚ ਸੀਤਲਵਾੜ, ਸ੍ਰੀਕੁਮਾਰ ਤੇ ਭੱਟ ਵੱਲੋਂ ਜਾਂਚ ਕਮਿਸ਼ਨ, ਸਿਟ ਤੇ ਅਦਾਲਤ ’ਚ ਪੇਸ਼ ਕੀਤੇ ਗਏ ਦਸਤਾਵੇਜ਼ ਹਾਸਲ ਕਰ ਰਹੀ ਹੈ। ਮਾਂਡਵਿਕ ਨੇ ਕਿਹਾ, ‘ਇਸ ਕੇਸ ਦੀ ਜਾਂਚ ਚੱਲ ਰਹੀ ਹੈ ਅਤੇ ਉਹ ਮੁਲਜ਼ਮਾਂ ਵੱਲੋਂ ਜਾਂਚ ਕਮਿਸ਼ਨ, ਸਿਟ ਤੇ ਵੱਖ ਵੱਖ ਅਦਾਲਤਾਂ ’ਚ ਪੇਸ਼ ਕੀਤੇ ਗਏ ਦਸਤਾਵੇਜ਼ ਹਾਸਲ ਕਰ ਰਹੇ ਹਨ। ਅਸੀਂ ਹੋਰ ਦਸਤਾਵੇਜ਼ ਹਾਸਲ ਕਰਨ ਦੀ ਕੋਸ਼ਿਸ਼ ਵੀ ਕਰ ਰਹੇ ਹਾਂ।’ ਉਨ੍ਹਾਂ ਕਿਹਾ ਕਿ ਜਾਂਚ ਅਧਿਕਾਰੀਆਂ ਦਾ ਮੰਨਣਾ ਹੈ ਕਿ ਇਸ ਅਪਰਾਧਿਕ ਸਾਜ਼ਿਸ਼ ਵਿੱਚ ਹੋਰ ਲੋਕ ਵੀ ਸ਼ਾਮਲ ਹਨ ਤੇ ਕੇਸ ਦੀ ਜਾਂਚ ਇਸੇ ਪੱਖ ਤੋਂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸ੍ਰੀਕੁਮਾਰ ਤੇ ਸੀਤਲਵਾੜ ’ਚੋਂ ਕੋਈ ਵੀ ਜਾਂਚ ’ਚ ਸਹਿਯੋਗ ਨਹੀਂ ਕਰ ਰਿਹਾ। ਕ੍ਰਾਈਮ ਬ੍ਰਾਂਚ ਦੇ ਸੂਤਰ ਨੇ ਦੱਸਿਆ ਕਿ ਇੱਥੇ ਲਿਆਏ ਜਾਣ ਤੋਂ ਬਾਅਦ ਸੀਤਲਵਾੜ ਨੂੰ ਅੱਜ ਤੜਕੇ ਸ਼ਹਿਰ ਦੀ ਅਪਰਾਧ ਸ਼ਾਖਾ ਹਵਾਲੇ ਕਰ ਦਿੱਤਾ ਗਿਆ ਜਿਸ ਮਗਰੋਂ ਉਨ੍ਹਾਂ ਦੀ ਗ੍ਰਿਫ਼ਤਾਰੀ ਪਾਈ ਗਈ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨ ਹਿਰਾਸਤ ਵਿੱਚ ਲਏ ਜਾਣ ਮਗਰੋਂ ਸਥਾਨਕ ਪੁਲੀਸ ਨੂੰ ਸੀਤਲਵਾੜ ਦੀ ਹਿਰਾਸਤ ਬਾਰੇ ਸੂਚਿਤ ਕਰਨ ਲਈ ਉਨ੍ਹਾਂ ਮੁੰਬਈ ਦੇ ਸਾਂਤਾਕਰੂਜ਼ ਥਾਣੇ ਲਿਆਇਆ ਗਿਆ ਸੀ। ਉੱਥੋਂ ਗੁਜਰਾਤ ਪੁਲੀਸ ਦੀ ਟੀਮ ਉਨ੍ਹਾਂ ਨੂੰ ਅਹਿਮਦਾਬਾਦ ਲਿਆਈ। ਸੀਤਲਵਾੜ ਖ਼ਿਲਾਫ਼ ਇਹ ਕਾਰਵਾਈ ਸੁਪਰੀਮ ਕੋਰਟ ਵੱਲੋਂ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਨਰਿੰਦਰ ਮੋਦੀ ਤੇ ਹੋਰਾਂ ਨੂੰ 2002 ਦੇ ਗੋਧਰਾ ਦੰਗਾ ਕਾਂਡ ’ਚ ਵਿਸ਼ੇਸ਼ ਜਾਂਚ ਟੀਮ (ਸਿਟ) ਵੱਲੋਂ ਦਿੱਤੀ ਗਈ ਕਲੀਨ ਚਿਟ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਖਾਰਜ ਕਰਨ ਤੋਂ ਇੱਕ ਦਿਨ ਬਾਅਦ ਹੋਈ ਹੈ। ਸੁਪਰੀਮ ਕੋਰਟ ’ਚ ਮੋਦੀ ਤੇ ਹੋਰਾਂ ਖ਼ਿਲਾਫ਼ ਦਾਇਰ ਪਟੀਸ਼ਨ ’ਚ ਸੀਤਲਵਾੜ ਤੇ ਉਨ੍ਹਾਂ ਦੀ ਐੱਨਜੀਓ ਜ਼ਕੀਆ ਜਾਫਰੀ ਨਾਲ ਸਹਾਇਕ ਪਟੀਸ਼ਨਰ ਸਨ। ਸੀਤਲਵਾੜ ਨੂੰ ਜਿਸ ਐਫਆਈਆਰ ਦੇ ਆਧਾਰ ’ਤੇ ਬੀਤੇ ਦਿਨ ਹਿਰਾਸਤ ਵਿੱਚ ਲਿਆ ਗਿਆ ਸੀ ਉਸ ਵਿੱਚ ਦੋ ਸਾਬਕਾ ਆਈਪੀਐੱਸ ਅਫਸਰਾਂ ਆਰਬੀ ਸ੍ਰੀਕੁਮਾਰ ਤੇ ਸੰਜੀਵ ਭੱਟ ’ਤੇ ਵੀ ਦੋਸ਼ ਲਾਏ ਗਏ ਸਨ। ਸ੍ਰੀਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। -ਪੀਟੀਆਈ
ਸੀਤਲਵਾੜ ਤੇ ਦੋ ਹੋਰਾਂ ਖ਼ਿਲਾਫ਼ ਕੇਸ ਦੀ ਜਾਂਚ ਕਰੇਗੀ ਸਿਟ
ਅਹਿਮਦਾਬਾਦ: ਗੁਜਰਾਤ ਏਟੀਐੱਸ ਦੇ ਡੀਆਈਜੀ ਦੀ ਅਗਵਾਈ ਹੇਠਲੀ ਵਿਸ਼ੇਸ਼ ਜਾਂਚ ਟੀਮ (ਸਿਟ) ਸਮਾਜਿਕ ਕਾਰਕੁਨ ਤੀਸਤਾ ਸੀਤਲਵਾੜ ਅਤੇ ਸਾਬਕਾ ਆਈਪੀਐੱਸ ਅਫਸਰਾਂ ਆਰਬੀ ਸ੍ਰੀਕੁਮਾਰ ਤੇ ਸੰਜੀਵ ਭੱਟ ਖ਼ਿਲਾਫ਼ ਦਰਜ ਕੇਸ ਦੀ ਜਾਂਚ ਕਰੇਗੀ। ਇਹ ਜਾਣਕਾਰੀ ਸੀਨੀਅਰ ਅਧਿਕਾਰੀ ਨੇ ਦਿੱਤੀ। ਉਨ੍ਹਾਂ ਕਿਹਾ ਕਿ ਸਿਟ ਦੀ ਅਗਵਾਈ ਗੁਜਰਾਤ ਅਤਿਵਾਦੀ ਰੋਕੂ ਦਸਤੇ (ਏਟੀਐੱਸ) ਦੇ ਡੀਆਈਜੀ ਦੀਪਨ ਭਦਰਨ ਕਰਨਗੇ ਅਤੇ ਟੀਮ ਵਿੱਚ ਅਹਿਮਦਾਬਾਦ ਕ੍ਰਾਈਮ ਬ੍ਰਾਂਚ ਦੇ ਡੀਸੀਪੀ ਤੇ ਗੁਜਰਾਤ ਏਟੀਐੱਸ ਦੇ ਐੱਸਪੀ ਸ਼ਾਮਲ ਹੋਣਗੇ। ਡੀਆਈਜੀ ਭਦਰਨ ਨੇ ਦੱਸਿਆ ਕਿ ਇਸ ਕੇਸ ਦੀ ਜਾਂਚ ਅਹਿਮਦਾਬਾਦ ਸਪੈਸ਼ਲ ਅਪਰੇਸ਼ਨ ਗਰੁੱਪ (ਐੱਸਓਜੀ) ਦੇ ਏਸੀਪੀ ਕਰਨਗੇ। -ਪੀਟੀਆਈ