ਨਵੀਂ ਦਿੱਲੀ: ਸੀਨੀਅਰ ਕਾਂਗਰਸ ਆਗੂ ਪੀ.ਚਿਦੰਬਰਮ ਨੇ ਅੱਜ ਕਿਹਾ ਕਿ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦਾ ਇਹ ਦਾਅਵਾ ‘ਸਰਾਸਰ ਗ਼ਲਤ’ ਹੈ ਕਿ ਰਾਜਾਂ ਨੂੰ ਉਨ੍ਹਾਂ ਦੇ ਜੀਐੱਸਟੀ ਬਕਾਇਆਂ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ। ਸਾਬਕਾ ਵਿੱਤ ਮੰਤਰੀ ਨੇ ਆਪਣੀ ਗੱਲ ਸਪਸ਼ਟ ਕਰਨ ਲਈ ਕਾਂਗਰਸ ਸ਼ਾਸਿਤ ਪੰਜਾਬ, ਰਾਜਸਥਾਨ ਤੇ ਛੱਤੀਸਗੜ੍ਹ ਦੀਆਂ ਮਿਸਾਲਾਂ ਦਾ ਹਵਾਲਾ ਦਿੱਤਾ। ਸ੍ਰੀ ਚਿਦੰਬਰਮ ਨੇ ਸੀਤਾਰਮਨ ਵੱਲੋਂ ਦਿੱਤੀ ਇੰਟਰਵਿਊ ਦਾ ਹਵਾਲਾ ਦਿੰਦਿਆਂ ਕਿਹਾ ਕਿ ਵਿੱਤ ਮੰਤਰੀ ਨੇ ‘ਇੰਟਰਵਿਊ ਲੈਣ ਵਾਲੇ ਨੂੰ ਬੜੇ ਗੁੱਸੇ ਤੇ ਖਿਝ ਕੇ ਜਵਾਬ ਦਿੱਤਾ, ‘‘ਕਿਹੜੇ ਬਕਾਏ, ਮੈਂ ਸਾਰੇ ਰਾਜਾਂ ਨੂੰ ਜੀਐੱਸਟੀ (ਵਸਤਾਂ ਤੇ ਸੇਵਾਵਾਂ ਕਰ) ਦੇ ਬਕਾਇਆਂ ਦੀ ਅਦਾਇਗੀ ਕਰ ਚੁੱਕੀ ਹਾਂ।’ ਸਾਬਕਾ ਵਿੱਤ ਮੰਤਰੀ ਨੇ ਇਕ ਬਿਆਨ ਵਿੱਚ ਕਿਹਾ, ‘‘ਵਿੱਤ ਮੰਤਰੀ ਗ਼ਲਤ ਸਨ। ਉਨ੍ਹਾਂ ਦਾ ਗੁੱਸਾ ਗੈਰਵਾਜਬ ਸੀ।’’ ਚਿਦੰਬਰਮ ਨੇ ਕਿਹਾ ਕਿ ਉਨ੍ਹਾਂ ਤਿੰਨ ਰਾਜਾਂ ਤੋਂ ਜੀਐੱਸਟੀ ਦੇ ਬਕਾਇਆਂ ਸਬੰਧੀ ਅੰਕੜੇ ਇਕੱਤਰ ਕੀਤੇ ਹਨ। ਪੰਜਾਬ ਦਾ ਪਹਿਲੀ ਜੂਨ 2021 ਤੱਕ ਕੇਂਦਰ ਵੱਲ ਜੀਐੱਸਟੀ ਦੇ ਰੂਪ ਵਿੱਚ 7393 ਕਰੋੜ ਰੁਪਏ, ਰਾਜਸਥਾਨ ਤੇ ਛੱਤੀਸਗੜ੍ਹ ਦੇ ਕ੍ਰਮਵਾਰ 21 ਮਈ ਤੇ 1 ਜੂਨ ਨੂੰ ਕ੍ਰਮਵਾਰ ਕੇਂਦਰ ਵੱਲ 7142 ਕਰੋੜ ਤੇ 3069 ਕਰੋੜ ਰੁਪਏ ਬਕਾਇਆ ਹਨ। ਉਨ੍ਹਾਂ ਕਿਹਾ, ‘‘ਮੈਂ ਹੋਰਨਾਂ ਰਾਜਾਂ ਤੋਂ ਵੀ ਅੰਕੜੇ ਇਕੱਤਰ ਕਰਨ ਦੀਆਂ ਕੋਸ਼ਿਸ਼ਾਂ ਕਰ ਰਿਹਾ ਹਾਂ।’’ -ਪੀਟੀਆਈ