ਵਿਸ਼ਾਖਾਪਟਨਮ: ਆਂਧਰਾ ਪ੍ਰਦੇਸ਼ ਤੇ ਉੜੀਸਾ ਦੀ ਸਰਹੱਦ ’ਤੇ ਸਿਲੇਰੂ ਨਦੀ ਵਿੱਚ ਦੋ ਕਿਸ਼ਤੀਆਂ ਡੁੱਬਣ ਕਾਰਨ ਛੇ ਜਣਿਆਂ ਦੀ ਮੌਤ ਹੋ ਗਈ ਹੈ। ਮ੍ਰਿਤਕਾਂ ਵਿੱਚ ਚਾਰ ਪਰਵਾਸੀ ਮਜ਼ਦੂਰ ਤੇ ਉਨ੍ਹਾਂ ਦੇ ਦੋ ਬੱਚੇ ਸ਼ਾਮਲ ਹਨ। ਪੁਲੀਸ ਸੂਤਰਾਂ ਅਨੁਸਾਰ ਦੋ ਹੋਰ ਵਿਅਕਤੀਆਂ ਦੇ ਡੁੱਬਣ ਦਾ ਖਦਸ਼ਾ ਹੈ। ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। ਇਸੇ ਦੌਰਾਨ ਤਿੰਨ ਵਿਅਕਤੀ ਤੈਰਦੇ ਹੋਏ ਨਦੀ ਵਿੱਚੋਂ ਸੁਰੱਖਿਅਤ ਬਾਹਰ ਆ ਗਏ। ਬਚਾਅ ਟੀਮਾਂ ਨੇ ਰਾਤ ਪੈਣ ਕਾਰਨ ਰਾਹਤ ਕਾਰਜ ਰੋਕ ਦਿੱਤੇ ਹਨ। ਬਰਾਮਦ ਹੋਈਆਂ ਲਾਸ਼ਾਂ ਨੂੰ ਉੜੀਸਾ ਦੇ ਸਰਕਾਰੀ ਹਸਪਤਾਲ ਵਿੱਚ ਪੋਸਟਮਾਰਟਮ ਲਈ ਭੇਜਿਆ ਗਿਆ ਹੈ। ਇਸੇ ਦੌਰਾਨ ਮਲਕਾਨਗਿਰੀ ਦੇ ਜ਼ਿਲ੍ਹਾ ਅਧਿਕਾਰੀ ਵਾਈ. ਵਿਜੈ ਨੇ ਘਟਨਾ ਵਾਲੀ ਥਾਂ ਦਾ ਦੌਰਾ ਕੀਤਾ ਤੇ ਰਾਹਤ ਕਾਰਜਾਂ ਦੀ ਨਿਗਰਾਨੀ ਕੀਤੀ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਬੀਤੀ ਸੋਮਵਾਰ ਰਾਤ ਨੂੰ 11 ਮਜ਼ਦੂਰ ਦੇਸੀ ਕਿਸ਼ਤੀਆਂ ਵਿੱਚ ਸਵਾਰ ਹੋ ਕੇ ਮਲਕਾਨਗਿਰੀ ਇਲਾਕੇ ਵਿੱਚ ਆਪਣੇ ਪਿੰਡ ਕੋਂਡੂਗੁੱਡਾ ਜਾ ਰਹੇ ਸਨ ਤੇ ਉੜੀਸਾ ਦੀ ਸਰਹੱਦ ਨੇੜੇ ਸੁਲੇਰਗੁੰਟਾਂ ਕੋਲ ਦੋ ਕਿਸ਼ਤੀਆਂ ਪਲਟ ਗਈਆਂ। -ਪੀਟੀਆਈ