ਸ੍ਰੀਨਗਰ, 15 ਜਨਵਰੀ
ਜੰਮੂ ਕਸ਼ਮੀਰ ਦੇ ਬਾਂਦੀਪੋਰਾ ਅਤੇ ਸੋਪੋਰ ਇਲਾਕਿਆਂ ਵਿੱਚੋਂ ਇਸ ਹਫ਼ਤੇ ਲਸ਼ਕਰ-ਏ-ਤੋਇਬਾ ਦੇ ਛੇ ਅਤਿਵਾਦੀ ਗ੍ਰਿਫ਼ਤਾਰ ਕੀਤੇ ਗਏ ਅਤੇ ਉਨ੍ਹਾਂ ਕੋਲੋਂ ਹਥਿਆਰ ਤੇ ਗੋਲਾ-ਬਾਰੂਦ ਵੀ ਬਰਾਮਦ ਹੋਇਆ ਹੈ। ਪੁਲੀਸ ਨੇ ਅੱਜ ਇਹ ਜਾਣਕਾਰੀ ਦਿੱਤੀ।
ਪੁਲੀਸ ਦੇ ਇਕ ਬੁਲਾਰੇ ਨੇ ਦੱਸਿਆ ਕਿ ਇਨ੍ਹਾਂ ਵਿੱਚੋਂ ਤਿੰਨ ਨੂੰ ਉੱਤਰ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਵਿਚ ਸੋਪੋਰ ਦੇ ਬੋਮਈ ਇਲਾਕੇ ’ਚ ਇਕ ਚੈੱਕ ਪੁਆਇੰਟ ’ਤੇ ਗ੍ਰਿਫ਼ਤਾਰ ਕੀਤਾ ਗਿਆ। ਬੁਲਾਰੇ ਨੇ ਕਿਹਾ ਕਿ ਚਿਨਾਰ ਕਰਾਸਿੰਗ ’ਤੇ ਤਾਇਨਾਤ ਸੁਰੱਖਿਆ ਬਲਾਂ ਨੇ ਤਿੰਨ ਅਤਿਵਾਦੀਆਂ ਨੂੰ ਕਾਬੂ ਕੀਤਾ। ਸੁਰੱਖਿਆ ਬਲਾਂ ਨੇ ਉਨ੍ਹਾਂ ਨੂੰ ਸ਼ੱਕੀ ਹਾਲਤ ਵਿਚ ਘੁੰਮਦੇ ਹੋਏ ਦੇਖਿਆ ਤਾਂ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਇਸ ’ਤੇ ਤਿੰਨੋਂ ਜਣਿਆਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੂੰ ਕਾਬੂ ਕਰ ਲਿਆ ਗਿਆ। ਤਿੰਨੋਂ ਦੀ ਪਛਾਣ ਹਰਵਨ ਸੋਪੋਰ ਦੇ ਰਹਿਣ ਵਾਲੇ ਅਰਾਫਾਤ ਮਜੀਦ ਡਾਰ ਅਤੇ ਆਰਾਮਪੋਰਾ ਸੋਪੋਰ ਦੇ ਰਹਿਣ ਵਾਲੇ ਤੌਸਿਫ਼ ਅਹਿਮਦ ਡਾਰ ਤੇ ਮੋਮਿਨ ਨਜ਼ੀਰ ਖਾਨ ਦੇ ਰੂਪ ਵਿਚ ਹੋਈ। ਖਾਨ ਇਸ ਵੇਲੇ ਨਤੀਪੋਰਾ ਸ੍ਰੀਨਗਰ ਵਿਚ ਰਹਿ ਰਿਹਾ ਸੀ। ਉਨ੍ਹਾਂ ਕੋਲੋਂ ਦੋ ਪਿਤਸਤੌਲ, ਪਿਸਤੌਲ ਦੀਆਂ ਦੋ ਮੈਗਜ਼ੀਨਾਂ, ਪਿਸਤੌਲ ਦੇ 13 ਕਾਰਤੂਸ ਅਤੇ ਇਕ ਹੱਥਗੋਲਾ ਬਰਾਮਦ ਹੋਇਆ। ਮੁੱਢਲੀ ਜਾਂਚ ਵਿਚ ਸਾਹਮਣੇ ਆਇਆ ਕਿ ਇਹ ਮੁਲਜ਼ਮ ਅਤਿਵਾਦੀਆਂ ਨੂੰ ਹਥਿਆਰ ਅਤੇ ਹੋਰ ਲੋੜੀਂਦਾ ਸਾਮਾਨਾ ਮੁਹੱਈਆ ਕਰਵਾਉਂਦੇ ਸਨ। ਇਕ ਹੋਰ ਘਟਨਾ ਵਿਚ ਬਾਂਦੀਪੋਰਾ ’ਚ ਪੁਲੀਸ ਨੇ ਲਸ਼ਕਰ ਦੇ ਤਿੰਨ ਸਹਿਯੋਗੀਆਂ ਨੂੰ ਖੁਫ਼ੀਆ ਜਾਣਕਾਰੀ ’ਤੇ ਗ੍ਰਿਫ਼ਤਾਰ ਕਰ ਲਿਆ, ਜਿਨ੍ਹਾਂ ਦੀ ਪਛਾਣ ਅਸ਼ਟਾਂਗੂ ਬਾਂਦੀਪੋਰਾ ਦੇ ਰਹਿਣ ਵਾਲੇ ਗੁਲਾਮ ਮੁਹੰਮਦ ਤੇ ਇਰਸ਼ਾਦ ਹੁਸੈਨ ਅਤੇ ਸੋਪੋਰ ਦੇ ਰਹਿਣ ਵਾਲੇ ਆਸ਼ਿਕ ਹੁਸੈਨ ਵਜੋਂ ਹੋਈ ਹੈ। ਬੁਲਾਰੇ ਨੇ ਦੱਸਿਆ ਕਿ ਉਨ੍ਹਾਂ ਕੋਲੋਂ ਹਥਿਆਰ ਅਤੇ ਗੋਲਾ-ਬਾਰੂਦ ਵੀ ਬਰਾਮਦ ਕੀਤਾ ਗਿਆ ਹੈ। ਪੁਲੀਸ ਦਾ ਕਹਿਣਾ ਹੈ ਕਿ ਮੁਲਜ਼ਮ ਅਤਿਵਾਦੀ ਜਥੇਬੰਦੀ ਦੀਆਂ ਦਹਿਸ਼ਤਗਰਦ ਗਤੀਵਿਧੀਆਂ ਨੂੰ ਵਧਾਉਣ ਲਈ ਕੰਮ ਕਰ ਰਹੇ ਸਨ। ਉਹ ਅਤਿਵਾਦੀਆਂ ਨੂੰ ਹਥਿਆਰ ਅਤੇ ਹੋਰ ਸਾਮਾਨ ਜਿਵੇਂ ਕਿ ਮੋਬਾਈਲ ਫੋਨ ਤੇ ਸਿਮ ਕਾਰਡ ਆਦਿ ਮੁਹੱਈਆ ਕਰਵਾਉਂਦੇ ਸਨ। -ਪੀਟੀਆਈ
ਜੰਮੂ ਵਿਚ ਕੌਮਾਂਤਰੀ ਸਰਹੱਦ ਕੋਲੋਂ ਪਾਕਿਸਤਾਨੀ ਨਾਗਰਿਕ ਕਾਬੂ
ਜੰਮੂ: ਜੰਮੂ ਕਸ਼ਮੀਰ ਦੇ ਸਾਂਬਾ ਸੈਕਟਰ ਵਿਚ ਕੌਮਾਂਤਰੀ ਸਰਹੱਦ ਕੋਲ ਗਲਤੀ ਨਾਲ ਭਾਰਤ ਵਾਲੇ ਪਾਸੇ ਦਾਖ਼ਲ ਹੁੰਦੇ ਸਾਰ ਇਕ ਪਾਕਿਸਤਾਨੀ ਨਾਗਰਿਕ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਇਹ ਜਾਣਕਾਰੀ ਸੀਮਾ ਸੁਰੱਖਿਆ ਬਲ ਦੇ ਇਕ ਸੀਨੀਅਰ ਅਧਿਕਾਰੀ ਨੇ ਦਿੱਤੀ। ਬੀਐੱਸਐੱਫ ਦੇ ਡੀਆਈਜੀ ਐੱਸ.ਪੀ.ਐੱਸ. ਸੰਧੂ ਨੇ ਕਿਹਾ ਕਿ ਇਸ ਵਿਅਕਤੀ ਨੂੰ ਲੋੜੀਂਦੀ ਕਾਰਵਾਈ ਤੋਂ ਬਾਅਦ ਪਾਕਿਸਤਾਨੀ ਰੇਂਜਰਜ਼ ਹਵਾਲੇ ਕਰ ਦਿੱਤਾ ਜਾਵੇਗਾ। ਸ੍ਰੀ ਸੰਧੂ ਜੋ ਕਿ ਬੀਐੱਸਐੱਫ ਜੰਮੂ ਫਰੰਟੀਅਰ ਦੇ ਲੋਕ ਸੰਪਰਕ ਅਧਿਕਾਰੀ ਵੀ ਹਨ, ਨੇ ਕਿਹਾ, ‘‘ਅੱਜ ਬਾਅਦ ਦੁਪਹਿਰ ਕਰੀਬ 1 ਵਜੇ ਬਲਹਾਡ ਬਾਰਡਰ ਰਾਹੀਂ ਇਕ ਪਾਕਿਸਤਾਨੀ ਨਾਗਰਿਕ ਅਨਜਾਣਪੁਣੇ ਵਿਚ ਕਰੀਬ 200 ਮੀਟਰ ਭਾਰਤ ਵਾਲੇ ਪਾਸੇ ਆ ਗਿਆ, ਜਿਸ ਨੂੰ ਚੌਕਸ ਬੀਐੱਸਐੱਫ ਦੇ ਜਵਾਨਾਂ ਨੇ ਫੜ ਲਿਆ।’’ ਉਨ੍ਹਾਂ ਕਿਹਾ ਕਿ ਮੁੱਢਲੀ ਪੁੱਛਗਿਛ ਵਿਚ ਸਾਹਮਣੇ ਆਇਆ ਕਿ ਉਹ ਗਲਤੀ ਨਾਲ ਕੌਮਾਂਤਰੀ ਸਰਹੱਦ ਟੱਪ ਕੇ ਇਸ ਪਾਸੇ ਆ ਗਿਆ ਸੀ। ਉਨ੍ਹਾਂ ਕਿਹਾ, ‘‘ਲੋੜੀਂਦੀ ਕਾਰਵਾਈ ਪੂਰੀ ਕਰਨ ਮਗਰੋਂ ਇਕ ਫਲੈਗ ਮੀਟਿੰਗ ਰਾਹੀਂ ਢੁਕਵੀਂ ਰਸੀਦ ਲੈ ਕੇ ਉਸ ਨੂੰ ਪਾਕਿਸਤਾਨੀ ਰੇਂਜਰਜ਼ ਹਵਾਲੇ ਕਰ ਦਿੱਤਾ ਜਾਵੇਗਾ। ਕਾਬੂ ਕੀਤਾ ਗਿਆ ਇਹ ਵਿਅਕਤੀ ਸਰਹੱਦੀ ਖੇਤਰ ਦੇ ਨਾਲ ਲੱਗਦੀ ਪਾਕਿਸਤਾਨੀ ਤਹਿਸੀਲ ਸ਼ੱਕਰਗੜ੍ਹ ਦਾ ਰਹਿਣ ਵਾਲਾ ਹੈ।’’ -ਪੀਟੀਆਈ