ਇੰਫਾਲ, 3 ਨਵੰਬਰ
ਮਨੀਪੁਰ ਦੇ ਥੌਬਲ ਤੇ ਵਿਸ਼ਨੂੰਪੁਰ ਜ਼ਿਲ੍ਹਿਆਂ ਤੋਂ ਦੋ ਪਾਬੰਦੀਸ਼ੁਦਾ ਜਥੇਬੰਦੀਆਂ ਨਾਲ ਜੁੜੇ ਛੇ ਅਤਿਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲੀਸ ਨੇ ਇਕ ਬਿਆਨ ਵਿੱਚ ਇਹ ਜਾਣਕਾਰੀ ਦਿੱਤੀ। ਕਾਂਗਲੀਪਾਕ ਕਮਿਊਨਿਸਟ ਪਾਰਟੀ (ਪੀਪਲਜ਼ ਵਾਰ ਗਰੁੱਪ) ਦੇ ਪੰਜ ਅਤਿਵਾਦੀਆਂ ਨੂੰ ਅਗਵਾ ਅਤੇ ਜਬਰੀ ਵਸੂਲੀ ਵਿੱਚ ਕਥਿਤ ਸ਼ਮੂਲੀਅਤ ਲਈ ਥੌਬਲ ਦੇ ਚਰੰਗਪਤ ਮਿਆਈ ਲੀਕਾਈ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਬਿਆਨ ਵਿੱਚ ਕਿਹਾ ਗਿਆ ਹੈ ਕਿ ਇਨ੍ਹਾਂ ਦੀ ਪਛਾਣ ਥੌਕਚੋਮ ਵਿਕਰਮ ਸਿੰਘ (29), ਸਿਨਮ ਵਿਜੇਨ ਸਿੰਘ (37), ਥੰਗਜਾਮ ਦੀਪਕ ਸਿੰਘ (30), ਲਾਂਬਾਮਾਯੂਮ ਨਾਓਬੀ ਸਿੰਘ (26) ਅਤੇ ਹੂਈਨਿੰਗਸੁੰਬਮ ਟੋਨ ਸਿੰਘ (21) ਦੇ ਰੂਪ ਵਿੱਚ ਕੀਤੀ ਗਈ ਹੈ। ਬਿਆਨ ਮੁਤਾਬਕ ਅਤਿਵਾਦੀਆਂ ਦੀ ਗ੍ਰਿਫ਼ਤਾਰੀ ਸ਼ੁੱਕਰਵਾਰ ਨੂੰ ਕੀਤੀ ਗਈ ਅਤੇ ਉਨ੍ਹਾਂ ਕੋਲੋਂ ਇਕ ਹੱਥਗੋਲਾ, ਜਥੇਬੰਦੀ ਦੇ ਪੰਜ ਮੰਗ ਪੱਤਰ, ਪੰਜ ਮੋਬਾਈਲ ਫੋਨ, 13 ਸਿਮ ਕਾਰਡ ਅਤੇ ਇਕ ਵਾਹਨ ਜ਼ਬਤ ਕੀਤਾ ਗਿਆ। ਇਕ ਹੋਰ ਘਟਨਾ ਵਿੱਚ, ਪੁਲੀਸ ਨੇ ਸ਼ਨਿਚਰਵਾਰ ਨੂੰ ਵਿਸ਼ਨੂੰਪੁਰ ਜ਼ਿਲ੍ਹੇ ਦੇ ਕੁੰਬੀ ਇਲਾਕੇ ਤੋਂ ਪੀਆਰਈਪੀਏਕੇ (ਪੀਆਰਓ) ਜਥੇਬੰਦੀ ਨਾਲ ਜੁੜੇ ਇਕ ਅਤਿਵਾਦੀ ਨੂੰ ਗ੍ਰਿਫ਼ਤਾਰ ਕੀਤਾ ਜਿਸ ਦੀ ਪਛਾਣ ਨੌਂਗਮਾਈਥੇਮ ਗੁਨਾਮਣੀ ਉਰਫ਼ ਅੱਲੂ (32) ਦੇ ਰੂਪ ਵਿੱਚ ਕੀਤੀ ਗਈ ਹੈ। -ਪੀਟੀਆਈ