ਨਵੀਂ ਦਿੱਲੀ, 31 ਜੁਲਾਈ
ਕਾਂਗਰਸ ਨੇਤਾ ਅਧੀਰ ਰੰਜਨ ਚੌਧਰੀ ਨੇ ਮੰਗ ਕੀਤੀ ਕਿ ਭਾਜਪਾ ਨੇਤਾ ਸ੍ਰਮਿਤੀ ਇਰਾਨੀ ਨੂੰ ਰਾਸ਼ਟਰਪਤੀ ਦਰੋਪਦੀ ਮੁਰਮੂ ਦਾ ਨਾਮ ਲੈਂਦੇ ਸਮੇਂ ਪਹਿਲਾਂ ‘ਰਾਸ਼ਟਰਪਤੀ’ ਸ਼ਬਦ ਨਾ ਵਰਤੇ ਜਾਣ ਲਈ ਬਿਨਾਂ ਸ਼ਰਤ ਮੁਆਫ਼ੀ ਮੰਗਣੀ ਚਾਹੀਦੀ ਹੈ। ਉਨ੍ਹਾਂ ਨੇ ਇਹ ਮੰਗ ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਪੱਤਰ ਲਿਖ ਕੇ ਕੀਤੀ ਹੈ। ਲੋਕ ਸਭਾ ਵਿੱੱਚ ਕਾਂਗਰਸ ਦੇ ਨੇਤਾ ਚੌਧਰੀ ਨੇ ਸਪੀਕਰ ਨੂੰ ਲਿਖੇ ਪੱਤਰ ਵਿੱਚ ਫਿਰ ਦੁਹਰਾਇਆ ਕਿ ਉਨ੍ਹਾਂ ਵੱਲੋਂ ਜਿਹੜੀ ਗਲਤੀ ਹੋਈ, ਉਹ ਸਿਰਫ਼ ‘ਜ਼ੁਬਾਨ ਫਿਸਲਣ’ ਕਰਕੇ ਹੋਈ ਸੀ। ਉਨ੍ਹਾਂ ਕਿਹਾ ਕਿ ਹਾਲਾਂਕਿ ਜਿਸ ਤਰੀਕੇ ਨਾਲ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਵੱਲੋਂ ਸਦਨ ਵਿੱਚ ਉਨ੍ਹਾਂ (ਰਾਸ਼ਟਰਪਤੀ ਦਰੋਪਦੀ ਮੁਰਮੂ) ਦੇ ਰੁਤਬੇ ਜਾਂ ਰਾਸ਼ਟਰਪਤੀ ਸ਼ਬਦ ਦੀ ਵਰਤੋਂ ਕੀਤੇ ਰਾਸ਼ਟਰਪਤੀ ਦਾ ਨਾਮ ਲਿਆ ਗਿਆ ਉਹ ਢੁੱਕਵਾਂ ਨਹੀਂ ਸੀ। ਕਾਂਗਰਸੀ ਸੰਸਦ ਮੈਂਬਰ ਨੇ ਕਿਹਾ, ‘‘ਉਨ੍ਹਾਂ (ਇਰਾਨੀ) ਨੇ ਬਿਨਾਂ ਮਾਣਯੋਗ ਰਾਸ਼ਟਰਪਤੀ ਜਾਂ ਮੈਡਮ ਜਾਂ ਸ੍ਰੀਮਤੀ ਆਖੇ ਵਾਰ ਵਾਰ ‘ਦਰੋਪਦੀ ਮੁਰਮੂ’ ਆਖਿਆ। ਇਹ ਸਪੱਸ਼ਟ ਤੌਰ ’ਤੇ ਮਾਣਯੋਗ ਰਾਸ਼ਟਰਪਤੀ ਦੇ ਅਹੁਦੇ ਦਾ ਅਪਮਾਨ ਹੈ।’’ ਉਨ੍ਹਾਂ ਕਿਹਾ, ‘‘ਇਸ ਲਈ ਮੈਂ ਮੰਗ ਕਰਦਾ ਹਾਂ ਸਮ੍ਰਿਤੀ ਇਰਾਨੀ ਆਪਣੀ ਟਿੱਪਣੀ ਲਈ ਮਾਣਯੋਗ ਰਾਸ਼ਟਰਪਤੀ ਤੋਂ ਬਿਨਾਂ ਸ਼ਰਤ ਮੁਆਫ਼ੀ ਮੰਗਣ।’’ -ਪੀਟੀਆਈ