ਸ੍ਰੀਨਗਰ, 21 ਅਪਰੈਲ
ਕਸ਼ਮੀਰ ਦੀਆਂ ਉੱਚੀਆਂ ਪਹਾੜੀਆਂ ਵਾਲੇ ਕਈ ਇਲਾਕਿਆਂ ਵਿੱਚ ਅੱਜ ਬਰਫ਼ਬਾਰੀ ਹੋਈ ਜਦੋਂਕਿ ਮੈਦਾਨਾਂ ਵਿੱਚ ਮੀਂਹ ਪਿਆ। ਮੌਸਮ ਵਿੱਚ ਤਬਦੀਲੀ ਨਾਲ ਅਸਾਧਾਰਨ ਗਰਮੀ ਤੋਂ ਲੋਕਾਂ ਨੂੰ ਕੁਝ ਰਾਹਤ ਮਿਲੀ ਹੈ। ਉੱਤਰੀ ਕਸ਼ਮੀਰ ਵਿੱਚ ਬਾਰਾਮੂਲਾ ਜ਼ਿਲ੍ਹੇ ਦੇ ਗੁਲਮਰਗ, ਕੁਪਵਾੜਾ ਵਿੱਚ ਮਛੀਲ ਅਤੇ ਗੰਦਰਬਲ ਦੇ ਸੋਨਮਰਗ ਸਣੇ ਕਈ ਮਕਬੂਲ ਸੈਰ-ਸਪਾਟੇ ਵਾਲੀਆਂ ਥਾਵਾਂ ’ਤੇ ਸੱਜਰੀ ਬਰਫ਼ਬਾਰੀ ਹੋਈ। ਅਧਿਕਾਰੀਆਂ ਨੇ ਕਿਹਾ ਕਿ ਸ੍ਰੀਨਗਰ-ਲੇਹ ਹਾਈਵੇ ਉੱਤੇ ਜ਼ੋਜੀਲਾ ਕੇਂਦਰੀ ਧੁਰੇ ਤੇ ਸ੍ਰੀਨਗਰ ਦੀਆਂ ਉੱਚੀਆਂ ਟੀਸੀਆਂ ’ਤੇ ਵੀ ਬਰਫ਼ਬਾਰੀ ਦੀਆਂ ਰਿਪੋਰਟਾਂ ਹਨ। ਦੱਖਣੀ ਕਸ਼ਮੀਰ ਦੇ ਪੁਲਵਾਮਾ ਵਿੱਚ ਕੁਝ ਖੇਤਰਾਂ ਵਿੱਚ ਗੜਿਆਂ ਵਾਲਾ ਤੂਫਾਨ ਆਉਣ ਦੀਆਂ ਖ਼ਬਰਾਂ ਹੈ। ਅਧਿਕਾਰੀਆਂ ਨੇ ਕਿਹਾ ਕਿ ਕਸ਼ਮੀਰ ਵਾਦੀ ਦੇ ਮੈਦਾਨੀ ਇਲਾਕਿਆਂ ਵਿੱਚ ਮੀਂਹ ਪਿਆ। ਮੀਂਹ ਤੇ ਬਰਫ਼ਬਾਰੀ ਨਾਲ ਵਾਦੀ ਵਿੱਚ ਤਾਪਮਾਨ ਕਈ ਦਰਜੇ ਹੇਠਾਂ ਆ ਗਿਆ, ਜਿਸ ਨਾਲ ਇਥੇ ਪਿਛਲੇ ਕੁਝ ਦਿਨਾਂ ਤੋਂ ਬਣੇ ਅਸਾਧਾਰਨ ਗਰਮ ਤਾਪਮਾਨ ਤੋਂ ਲੋਕਾਂ ਨੂੰ ਰਾਹਤ ਮਿਲੀ। ਮੌਸਮ ਵਿਭਾਗ ਨੇ ਕਿਹਾ ਕਿ ਮੌਸਮ ਅਜੇ ਬੱਦਲਵਾਈ ਵਾਲਾ ਰਹੇਗਾ ਅਤੇ ਸ਼ੁੱਕਰਵਾਰ ਤੱਕ ਵਾਦੀ ਵਿੱਚ ਇੱਕਾ-ਦੁੱਕਾ ਥਾਵਾਂ ’ਤੇ ਮੀਂਹ, ਗਰਜ ਨਾਲ ਛਿੱਟੇ, ਜ਼ੋਰਦਾਰ ਝੱਖੜ ਤੇ ਗੜਿਆਂ ਨਾਲ ਤੂਫਾਨ ਆ ਸਕਦਾ ਹੈ। -ਪੀਟੀਆਈ