ਨਵੀਂ ਦਿੱਲੀ, 8 ਜਨਵਰੀ
ਸੂਚਨਾ ਤਕਨੀਕ ਬਾਰੇ ਰਾਜ ਮੰਤਰੀ ਰਾਜੀਵ ਚੰਦਰਸ਼ੇਖਰ ਨੇ ਅੱਜ ਦੱਸਿਆ ਕਿ ਕੇਂਦਰ ਸਰਕਾਰ ਨੇ ਅਜਿਹੇ ਕਈ ਸੋਸ਼ਲ ਮੀਡੀਆ ਹੈਂਡਲ ਬਲੌਕ ਕਰ ਦਿੱਤੇ ਹਨ ਜੋ ਕਿ ਟਵਿੱਟਰ, ਯੂਟਿਊਬ, ਇੰਸਟਾਗ੍ਰਾਮ ਤੇ ਫੇਸਬੁੱਕ ਉਤੇ ‘ਫ਼ਰਜ਼ੀ ਅਤੇ ਭੜਕਾਊ’ ਕੰਟੈਂਟ ਦਾ ਪ੍ਰਚਾਰ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਇਹ ਅਕਾਊਂਟ ਚਲਾਉਣ ਵਾਲਿਆਂ ਦੀ ਸ਼ਨਾਖ਼ਤ ਕਰ ਲਈ ਗਈ ਹੈ ਤੇ ਕਾਨੂੰਨ ਮੁਤਾਬਕ ਕਾਰਵਾਈ ਹੋਵੇਗੀ। ਸੂਤਰਾਂ ਮੁਤਾਬਕ ਨਫ਼ਰਤ ਫੈਲਾਉਣ ਵਾਲੀਆਂ ਪੋਸਟਾਂ ਖ਼ਿਲਾਫ਼ ਇਹ ਵੱਡਾ ਕਦਮ ਚੁੱਕਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਕਾਰਵਾਈ ਕੈਬਨਿਟ ਦੀ ਇਕ ਫ਼ਰਜ਼ੀ ਵੀਡੀਓ, ਪ੍ਰਧਾਨ ਮੰਤਰੀ ਖ਼ਿਲਾਫ਼ ਹਿੰਸਾ ਦੀ ਐਨੀਮੇਟਡ ਨਕਲੀ ਵੀਡੀਓ ਤੇ ਹਿੰਦੂ ਔਰਤਾਂ ਨੂੰ ਨਿਸ਼ਾਨਾ ਬਣਾ ਰਹੀਆਂ ਅਪਮਾਨਜਨਕ ਪੋਸਟਾਂ ਦੇ ਸਾਹਮਣੇ ਆਉਣ ਤੋਂ ਬਾਅਦ ਕੀਤੀ ਗਈ ਹੈ। ਮੰਤਰੀ ਨੇ ਕਿਹਾ ਕਿ ਇਨ੍ਹਾਂ ਸੋਸ਼ਲ ਮੀਡੀਆ ਪਲੈਟਫਾਰਮਾਂ ਉਤੇ ਇਹ ਸਮੱਗਰੀ ਬਲੌਕ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਪਲੈਟਫਾਰਮਾਂ ਦੀ ਵੀ ਸਮੀਖਿਆ ਕੀਤੀ ਜਾਵੇਗੀ ਕਿ ਕੀ ਉਨ੍ਹਾਂ ਇਸ ਪਾਸੇ ਪੂਰਾ ਧਿਆਨ ਦਿੱਤਾ ਸੀ ਜਾਂ ਨਹੀਂ। ਦੱਸਣਯੋਗ ਹੈ ਕਿ ਸ਼ੁੱਕਰਵਾਰ ਸ਼ਾਮ ਮੰਤਰੀ ਨੇ ਇਕ ਟਵੀਟ ਦਾ ਜਵਾਬ ਦਿੱਤਾ ਸੀ ਜਿਸ ਵਿਚ ਉਨ੍ਹਾਂ ਨੂੰ ਬੇਨਤੀ ਕੀਤੀ ਗਈ ਸੀ ਕਿ ‘ਪ੍ਰਧਾਨ ਮੰਤਰੀ ਨਾਲ ਜੁੜੀ ਇਕ ਹਿੰਸਕ ਵੀਡੀਓ ਸੋਸ਼ਲ ਮੀਡੀਆ ਉਤੇ ਹੈ ਤੇ ਇਸ ਨੂੰ ਬਣਾਉਣ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਇਹ ਵੀਡੀਓ ਦਸੰਬਰ 2020 ਤੋਂ ਘੁੰਮ ਰਹੀ ਹੈ।’ ਮੰਤਰੀ ਨੇ ਉਸੇ ਵੇਲੇ ਕਿਹਾ ਕਿ ਕਾਰਵਾਈ ਕੀਤੀ ਜਾ ਰਹੀ ਹੈ।
ਸੂਤਰਾਂ ਮੁਤਾਬਕ ਸਰਕਾਰ ਨੇ 73 ਟਵਿੱਟਰ ਹੈਂਡਲਾਂ, ਯੂਟਿਊਬ ਦੀਆਂ ਚਾਰ ਵੀਡੀਓਜ਼ ਤੇ ਇਕ ਇੰਸਟਾਗ੍ਰਾਮ ਗੇਮ ਦੀ ਸ਼ਨਾਖ਼ਤ ਕੀਤੀ ਹੈ। ਕਾਰਵਾਈ ਕਰਦਿਆਂ ਸਾਰੇ ਟਵਿੱਟਰ ਹੈਂਡਲ ਬਲੌਕ ਕਰ ਦਿੱਤੇ ਗਏ ਹਨ। -ਪੀਟੀਆਈ
ਭਾਜਪਾ ਨੇ ਨਫ਼ਰਤ ਫੈਲਾਉਣ ਦੀਆਂ ਫੈਕਟਰੀਆਂ ਲਾਈਆਂ: ਰਾਹੁਲ
ਨਵੀਂ ਦਿੱਲੀ: ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਭਾਜਪਾ ਨੇ ਨਫ਼ਰਤ ਦੀਆਂ ਕਈ ‘ਫੈਕਟਰੀਆਂ’ ਲਾ ਦਿੱਤੀਆਂ ਹਨ ਤੇ ‘ਟੇਕ ਫੌਗ’ ਐਪ ਵੀ ਇਨ੍ਹਾਂ ਵਿਚੋਂ ਇਕ ਹੈ। ਉਨ੍ਹਾਂ ਕਿਹਾ ਕਿ ਪੂਰਾ ਦੇਸ਼ ਚਿੰਤਾ ਵਿਚ ਹੈ ਕਿ ਐਨੀ ਨਫ਼ਰਤ ਕਿੱਥੋਂ ਆ ਰਹੀ ਹੈ। ਰਾਹੁਲ ਨੇ ਕਿਹਾ, ‘ਬੁਲੀ ਬਾਈ ਐਪ ਕੇਸ ਵਿਚ ਮੁਲਜ਼ਮ ਦੀ ਉਮਰ ਦੇਖ ਕੇ ਪੂਰਾ ਦੇਸ਼ ਪੁੱਛ ਰਿਹਾ ਹੈ ਕਿ ਐਨੀ ਨਫ਼ਰਤ ਕਿੱਥੋਂ ਆ ਰਹੀ ਹੈ। ਦਰਅਸਲ ਭਾਜਪਾ ਨੇ ਨਫ਼ਰਤ ਦੀਆਂ ਕਈ ਫੈਕਟਰੀਆਂ ਲਾ ਦਿੱਤੀਆਂ ਹਨ। ਟੇਕ ਫੌਗ ਵੀ ਇਨ੍ਹਾਂ ਵਿਚੋਂ ਇਕ ਹੈ।’ ਰਾਹੁਲ ਨੇ ਇਕ ਰਿਪੋਰਟ ਟਵੀਟ ਨਾਲ ਟੈਗ ਕਰਦਿਆਂ ਕਿਹਾ, ‘ਇਹ ਐਪ ਭਾਜਪਾ ਲਈ ਲਾਹੇਵੰਦ ਹੈ ਜਿਸ ਨੇ ਸਾਈਬਰ ਆਰਮੀ ਨੂੰ ਨਫ਼ਰਤ ਫੈਲਾਉਣ ਦੀ ਤਾਕਤ ਦਿੱਤੀ ਹੈ ਤੇ ਨਾਲ ਹੀ ਸੋਸ਼ਲ ਮੀਡੀਆ ਦਾ ਟਰੈਂਡ ਆਪਣੇ ਮੁਤਾਬਕ ਘੜਿਆ ਜਾ ਰਿਹਾ ਹੈ।’ -ਪੀਟੀਆਈ
ਫ਼ਰਜ਼ੀ ਵੀਡੀਓ ’ਚ ਕੈਬਨਿਟ ਮੀਟਿੰਗ ਨੂੰ ਸਿੱਖਾਂ ਖ਼ਿਲਾਫ਼ ਦਿਖਾਉਣ ਦੀ ਕੋਸ਼ਿਸ਼
ਕੇਂਦਰੀ ਕੈਬਨਿਟ ਮੀਟਿੰਗ ਦੀ ਇਕ ਵੀਡੀਓ ਨਾਲ ਛੇੜਛਾੜ ਕਰ ਕੇ ਇਸ ਨੂੰ ਸੋਸ਼ਲ ਮੀਡੀਆ ਉਤੇ ਪਾਈ ਗਈ ਸੀ। ਇਸ ਵਿਚ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਕਿ ਮੀਟਿੰਗ ਸਿੱਖ ਭਾਈਚਾਰੇ ਦੇ ਖ਼ਿਲਾਫ਼ ਸੀ। ਦਿੱਲੀ ਪੁਲੀਸ ਨੇ ਇਸ ਮਾਮਲੇ ਵਿਚ ਕੇਸ ਦਰਜ ਕਰ ਲਿਆ ਹੈ। -ਪੀਟੀਆਈ