ਕੋਲਕਾਤਾ, 21 ਫਰਵਰੀ
ਸੀਨੀਅਰ ਭਾਜਪਾ ਆਗੂ ਰਾਮ ਮਾਧਵ ਨੇ ਕਿਹਾ ਕਿ ਸੋਸ਼ਲ ਮੀਡੀਆ ਇੰਨਾ ਕੁ ਤਾਕਤਵਾਰ ਹੋ ਗਿਆ ਹੈ ਕਿ ਇਹ ਸਰਕਾਰਾਂ ਦਾ ਰਾਜ ਪਲਟਾ ਕਰ ਸਕਦਾ ਹੈ। ਭਾਜਪਾ ਆਗੂ ਨੇ ਕਿਹਾ ਕਿ ਜੇਕਰ ਅਜਿਹਾ ਹੁੰਦਾ ਹੈ ਤਾਂ ਇਸ ਨਾਲ ਅਰਾਜਕਤਾ ਵਧੇਗੀ ਤੇ ਜਮਹੂਰੀਅਤ ਕਮਜ਼ੋਰ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਮਸਲੇ ਨਾਲ ਨਜਿੱਠਣ ਲਈ ਸੰਵਿਧਾਨਕ ਚੌਖਟੇ ’ਚੋਂ ਹੀ ਕੋਈ ਹੱਲ ਲੱਭਣ ਦੀ ਲੋੜ ਹੈ। ਇਥੇ ਆਪਣੀ ਨਵੀਂ ਆਪਣੀ ਕਿਤਾਬ ‘ਬਿਕੌਜ਼ ਇੰਡੀਆ ਕਮਜ਼ ਫਸਟ’ ਦੀ ਲਾਂਚ ਮੌਕੇ ਬੋਲਦਿਆਂ ਮਾਧਵ ਨੇ ਕਿਹਾ ਕਿ ਜਮਹੂਰੀਅਤ ਦਬਾਅ ਅਧੀਨ ਹੈ ਤੇ ‘ਗੈਰ-ਸਿਆਸੀ ਤੇ ‘ਗੈਰ-ਪ੍ਰਦੇਸ਼ਕ’ ਉਭਾਰ ਨਾਲ ਇਸ ਨੂੰ ਨਵੇਂ ਤਰ੍ਹਾਂ ਦੀਆਂ ਚੁਣੌਤੀਆਂ ਦਰਪੇਸ਼ ਹਨ। ਲੰਘੀ ਸ਼ਾਮ ਪ੍ਰਭਾ ਖੇਤਾਨ ਫਾਊਂਡੇਸ਼ਨ ਵੱਲੋਂ ਵਿਉਂਤੇ ਸਮਾਗਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ, ‘ਸੋਸ਼ਲ ਮੀਡੀਆ ਇੰਨਾ ਜ਼ੋਰਾਵਰ ਹੋ ਗਿਆ ਹੈ ਕਿ ਇਹ ਸਰਕਾਰਾਂ ਦਾ ਰਾਜ ਪਲਟਾਉਣ ਦੇ ਸਮਰੱਥ ਹੈ ਤੇ ਇਨ੍ਹਾਂ ਨੂੰ ਕੰਟਰੋਲ ਕਰਨਾ ਔਖਾ ਹੋ ਗਿਆ ਹੈ, ਕਿਉਂਕਿ ਇਨ੍ਹਾਂ ਦੀ ਕੋਈ ਹੱਦਬੰਦੀ ਨਹੀਂ ਹੈ। ਇਹ ਤਾਕਤਾਂ ਅਰਾਜਕਤਾ ਦਾ ਪ੍ਰਚਾਰ ਪਾਸਾਰ ਕਰ ਸਕਦੀਆਂ ਹਨ, ਜਿਸ ਨਾਲ ਜਮਹੂਰੀਅਤ ਕਮਜ਼ੋਰ ਹੋਵੇਗੀ, ਪਰ ਸੰਵਿਧਾਨਕ ਚੌਖਟੇ ਦੇ ਅੰਦਰ ਹੀ ਇਸ ਮੁਸ਼ਕਲ ਦਾ ਹੱਲ ਲੱਭਣਾ ਚਾਹੀਦਾ ਹੈ।’ ਭਾਜਪਾ ਆਗੂ ਨੇ ਕਿਹਾ ਕਿ ਮੌਜੂਦਾ ਕਾਨੂੰਨ ਇਸ ਕੰਮ ਲਈ ਨਾਕਾਫ਼ੀ ਹਨ। ਮਾਧਵ ਨੇ ਕਿਹਾ, ‘ਸਾਨੂੰ ਇਸ ਦੇ ਟਾਕਰੇ ਲਈ ਨਵੇਂ ਨੇਮਾਂ ਦੀ ਲੋੜ ਹੈ। ਸਰਕਾਰ ਇਸ ਦਿਸ਼ਾ ਵਿੱਚ ਪਹਿਲਾਂ ਹੀ ਕੰਮ ਕਰ ਰਹੀ ਹੈ।’ ਮਾਧਵ ਦੀਆਂ ਇਹ ਟਿੱਪਣੀਆਂ ਸਰਕਾਰ ਤੇ ਮਾਈਕਰੋ ਬਲੌਗਿੰਗ ਸਾਈਟ ‘ਟਵਿੱਟਰ’ ਦਰਮਿਆਨ ਚੱਲ ਰਹੇ ਵਿਵਾਦ ਨੂੰ ਲੈ ਕੇ ਹੋਰ ਵੀ ਅਹਿਮ ਹਨ। ਭਾਜਪਾ ਆਗੂ ਨੇ ਕਿਹਾ ਕਿ ਉਨ੍ਹਾਂ ਆਪਣੀ ਨਵੀਂ ਕਿਤਾਬ ਵਿੱਚ ਮੋਦੀ ਸਰਕਾਰ ਵੱਲੋਂ ਲਏ ਫੈਸਲਿਆਂ ਬਾਰੇ ਰਾਏ ਰੱਖੀ ਹੈ। -ਪੀਟੀਆਈ