ਨਵੀਂ ਦਿੱਲੀ, 30 ਮਈ
ਭਾਰਤੀ ਥਲ ਸੈਨਾ ਮੁਖੀ ਜਨਰਲ ਐੱਮਐੱਮ ਨਰਵਾਣੇ ਨੇ ਅੱਜ ਕਿਹਾ ਕਿ ਕੁਝ ਮੁਲਕ ਕੁਆਡ ਨੂੰ ਫ਼ੌਜੀ ਗੱਠਜੋੜ ਦਸ ਕੇ ਬੇਲੋੜਾ ਖ਼ੌਫ ਪੈਦਾ ਰਹੇ ਹਨ ਜਦਕਿ ਉਨ੍ਹਾਂ ਕੋਲ ਆਪਣੇ ਦਾਅਵਿਆਂ ਨੂੰ ਸਾਬਿਤ ਕਰਨ ਲਈ ਕੋਈ ਸਬੂਤ ਨਹੀਂ ਹੈ। ਜਨਰਲ ਨਰਵਾਣੇ ਨੇ ਕਿਹਾ ਕਿ ਕੁਆਡ ਦਾ ਮਕਸਦ ਕੋਈ ਫੌਜੀ ਗੱਠਜੋੜ ਬਣਾਉਣਾ ਨਹੀਂ ਬਲਕਿ ਇਸ ਦਾ ਮਕਸਦ ਹਿੰਦ-ਪ੍ਰਸ਼ਾਂਤ ਖੇਤਰ ਦੇ ਮਸਲਿਆਂ ਨੂੰ ਬਹੁਲਵਾਦ ਦੇ ਆਧਾਰ ’ਤੇ ਹੱਲ ਕਰਨਾ ਹੈ। ਜ਼ਿਕਰਯੋਗ ਹੈ ਕਿ ਕੁਆਡ ਭਾਰਤ, ਅਮਰੀਕਾ, ਜਪਾਨ ਤੇ ਆਸਟਰੇਲੀਆ ਵੱਲੋਂ ਮਿਲ ਕੇ ਬਣਾਇਆ ਗਿਆ ਸਮੂਹ ਹੈ, ਜਿਸ ਦਾ ਮਕਸਦ ਹਿੰਦ-ਪ੍ਰਸ਼ਾਂਤ ਨੂੰ ਮੁਕਤ ਤੇ ਖੁੱਲ੍ਹਾ ਖੇਤਰ ਬਣਾਉਣਾ ਹੈ ਤਾਂ ਕਿ ਇੱਥੇ ਚੀਨ ਵੱਲੋਂ ਚਲਾਈਆਂ ਜਾ ਰਹੀਆਂ ਪਸਾਰਵਾਦੀ ਸਰਗਰਮੀਆਂ ਨੂੰ ਰੋਕਿਆ ਜਾ ਸਕੇ। ਜਨਰਲ ਨਰਵਾਣੇ ਨੇ ਕਿਹਾ ਕਿ ਭਾਰਤੀ ਹਵਾਈ ਫ਼ੌਜ ਦਾ ਆਧੁਨਿਕੀਕਰਨ ਸਹੀ ਰਾਹ ’ਤੇ ਹੈ। ਉਨ੍ਹਾਂ ਅਜਿਹੇ ਖ਼ਦਸ਼ਿਆਂ ਨੂੰ ਰੱਦ ਕਰ ਦਿੱਤਾ ਕਿ ਅਸਲ ਕੰਟਰੋਲ ਰੇਖਾ ਦੀ ਰਾਖੀ ਲਈ ਜ਼ਿਆਦਾ ਖਰਚ ਕੀਤੇ ਜਾਣ ਨਾਲ ਭਾਰਤੀ ਫ਼ੌਜ ਲਈ ਨਵੇਂ ਹਥਿਆਰ ਖ਼ਰੀਦਣ ਲਈ ਫੰਡਾਂ ਦੀ ਤੋਟ ਆ ਜਾਵੇਗੀ। ਜਨਰਲ ਨਰਵਾਣੇ ਨੇ ਕਿਹਾ ਕਿ ਲੰਘੇ ਵਿੱਤੀ ਵਰ੍ਹੇ ’ਚ ਫੌਜ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਤਕਰੀਬਨ 21 ਹਜ਼ਾਰ ਕਰੋੜ ਰੁਪਏ ਦੇ 59 ਸਮਝੌਤੇ ਕੀਤੇ ਗਏ ਹਨ। -ਪੀਟੀਆਈ