ਹੈਦਰਾਬਾਦ, 2 ਅਪਰੈਲ
ਉਪ ਰਾਸ਼ਟਰਪਤੀ ਐਮ. ਵੈਂਕਈਆ ਨਾਇਡੂ ਨੇ ਅੱਜ ਕਿਹਾ ਕਿ ਕੁਝ ਲੋਕਾਂ ਨੂੰ ਭਾਰਤ ਦੀ ਤਰੱਕੀ ਹਜ਼ਮ ਨਹੀਂ ਹੁੰਦੀ। ਉਨ੍ਹਾਂ ਕਿਹਾ ਕਿ ਭਾਰਤ ਨੂੰ ਸਤਿਕਾਰ ਤੇ ਮਾਨਤਾ ਮਿਲ ਰਹੀ ਹੈ, ਪਰ ਪੱਛਮ ਦਾ ਕੁਝ ਮੀਡੀਆ ਛੋਟੇ-ਛੋਟੇ ਮੁੱਦਿਆਂ ’ਤੇ ਇਸ ਖ਼ਿਲਾਫ਼ ਪ੍ਰਚਾਰ ਕਰਦਾ ਰਹਿੰਦਾ ਹੈ। ਨਾਇਡੂ ਅੱਜ ਇੱਥੇ ਤੇਲਗੂ ਨਵੇਂ ਵਰ੍ਹੇ ‘ਉਗਾਦੀ’ ਦੇ ਜਸ਼ਨਾਂ ਵਿਚ ਹਿੱਸਾ ਲੈਣ ਆਏ ਸਨ। ਉਪ ਰਾਸ਼ਟਰਪਤੀ ਨੇ ਕਿਹਾ ਕਿ ਸਾਰਾ ਸੰਸਾਰ ਭਾਰਤ ਵੱਲ ਦੇਖ ਰਿਹਾ ਹੈ, ਭਾਰਤ ਦੀਆਂ ਕਦਰਾਂ-ਕੀਮਤਾਂ, ਰਵਾਇਤਾਂ ਤੇ ਵਿਰਾਸਤ ਦਾ ਪੂਰੇ ਸੰਸਾਰ ਵਿਚ ਸਤਿਕਾਰ ਹੋ ਰਿਹਾ ਹੈ। ਨਾਇਡੂ ਨੇ ਕਿਹਾ ਕਿ ਕੁਝ ਦੇਸ਼ਾਂ ਦਾ ਮੀਡੀਆ ਇਸ ਲਈ ਭਾਰਤ ਖ਼ਿਲਾਫ਼ ਲਿਖਦਾ ਹੈ ਕਿਉਂਕਿ ਉਹ ਉਨ੍ਹਾਂ ਦੇ ਦੇਸ਼ ਦੇ ਹਿੱਤ ਵਿਚ ਹੈ, ਪਰ ਭਾਰਤ ਵਿਚ ਕੁਝ ਲੋਕ ਅਜਿਹੀ ਸਮੱਗਰੀ ਨੂੰ ਦੇਸ਼ ਦੀ ਸਾਖ਼ ਖਰਾਬ ਕਰਨ ਲਈ ਵਰਤਦੇ ਹਨ। ਉਪ ਰਾਸ਼ਟਰਪਤੀ ਨੇ ਸੰਸਦ ਤੇ ਵਿਧਾਨ ਸਭਾਵਾਂ ਵਿਚ ਕੁਝ ਮੈਂਬਰਾਂ ਦੇ ਮਾੜੇ ਵਰਤਾਅ ਉਤੇ ਵੀ ਚਿੰਤਾ ਜ਼ਾਹਿਰ ਕੀਤੀ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਦੀ ਭਾਸ਼ਾ ਉਹ ਵਰਤ ਰਹੇ ਹਨ, ਪੂਰਾ ਢਾਂਚਾ ਹੀ ਬਦਨਾਮ ਹੋ ਰਿਹਾ ਹੈ। ਨਾਇਡੂ ਜੋ ਕਿ ਰਾਜ ਸਭਾ ਦੇ ਚੇਅਰਮੈਨ ਵੀ ਹਨ, ਨੇ ਕਿਹਾ ਕਿ ਸੰਸਦ ਤੇ ਵਿਧਾਨ ਸਭਾਵਾਂ ਵਿਚ ਵਾਪਰੀਆਂ ਕੁਝ ਘਟਨਾਵਾਂ ਮੰਦਭਾਗੀਆਂ ਹਨ। ਉਨ੍ਹਾਂ ਮੀਡੀਆ ਦੀ ਗਲਤੀ ਕੱਢਦਿਆਂ ਕਿਹਾ ਕਿ ਉਹ ਅਜਿਹੀਆਂ ਘਟਨਾਵਾਂ ਨੂੰ ਬਹੁਤ ਮਹੱਤਵ ਦੇ ਕੇ ਪੇਸ਼ ਕਰਦੇ ਹਨ। ਵੈਂਕਈਆ ਨਾਇਡੂ ਨੇ ਕਿਹਾ ਕਿ ਜਦ ਮੈਂਬਰ ਕਿਸੇ ਮੁੱਦੇ ਉਤੇ ਚੰਗਾ ਬੋਲਦੇ ਹਨ, ਉਹ ਮੀਡੀਆ ਲਈ ਖ਼ਬਰ ਨਹੀਂ ਬਣਦੀ ਪਰ ਜਦ ਕੋਈ ਹੰਗਾਮਾ ਕਰਦਾ ਹੈ, ਜਾਂ ਮਾੜੀ ਭਾਸ਼ਾ ਵਰਤਦਾ ਹੈ, ਉਹ ਖ਼ਬਰ ਜ਼ਰੂਰ ਬਣ ਜਾਂਦੀ ਹੈ। ਉਨ੍ਹਾਂ ਸਲਾਹ ਦਿੱਤੀ ਕਿ ਮੀਡੀਆ ਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ।
ਉਪ ਰਾਸ਼ਟਰਪਤੀ ਨੇ ਮਾਤ ਭਾਸ਼ਾਵਾਂ ਦੀ ਵਰਤੋਂ ਉਤੇ ਜ਼ੋਰ ਦਿੰਦਿਆਂ ਕਿਹਾ ਕਿ ਹਰ ਕਿਸੇ ਨੂੰ ਘਰ ਵਿਚ ਆਪਣੀ ਮਾਤ ਭਾਸ਼ਾ ’ਚ ਗੱਲ ਕਰਨੀ ਚਾਹੀਦੀ ਹੈ। ਹਾਲਾਂਕਿ ਵਿਦੇਸ਼ੀ ਭਾਸ਼ਾਵਾਂ ਸਿੱਖਣ ਵਿਚ ਕੁਝ ਮਾੜਾ ਨਹੀਂ ਹੈ ਪਰ ਜਦ ਅਸੀਂ ਉਨ੍ਹਾਂ ਵਿਚ ਹੋਈਆਂ ਜੋ ਸਾਡੀ ਭਾਸ਼ਾ ਨੂੰ ਸਮਝ ਸਕਦੇ ਹਨ ਤਾਂ ਮਾਤ ਭਾਸ਼ਾ ਨੂੰ ਹੀ ਪਹਿਲ ਦੇਣੀ ਚਾਹੀਦੀ ਹੈ। -ਆਈਏਐਨਐੱਸ