ਨਵੀਂ ਦਿੱਲੀ, 2 ਅਗਸਤ
ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਨੇ ਅੱਜ ਕਿਹਾ ਕਿ ਰਾਜਸਥਾਨ ਵਿੱਚ ਚੱਲ ਰਹੇ ਸਿਆਸੀ ਸਮੀਕਰਨਾਂ ਦੇ ਸਬੰਧ ਵਿੱਚ ਸੀਨੀਅਰ ਭਾਜਪਾ ਆਗੂ ਵਸੁੰਧਰਾ ਰਾਜੇ ਸਿੰਧੀਆ ਦੀ ਖ਼ਾਮੋਸ਼ੀ ਕੋਈ ‘ਰਣਨੀਤੀ’ ਵੀ ਹੋ ਸਕਦੀ ਹੈ। ਪੀਟੀਆਈ ਨੂੰ ਦਿੱਤੀ ਇਕ ਇੰਟਰਵਿਊ ਵਿੱਚ ਸ੍ਰੀ ਸ਼ੇਖਾਵਤ ਜਿਨ੍ਹਾਂ ’ਤੇ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਉਨ੍ਹਾਂ ਦੀ ਸਰਕਾਰ ਨੂੰ ਡੇਗਣ ਦੀ ਕੋਸ਼ਿਸ਼ ਕਰਨ ਦੇ ਦੋਸ਼ ਲਗਾਏ ਹਨ, ਨੇ ਕਿਹਾ ਕਿ ਇਹ ਕਾਂਗਰਸੀ ਆਗੂ ਹੀ ਹੈ ਜਿਸ ਨੇ ਸੂਬੇ ਵਿੱਚ ਅਤੇ ਸੂਬੇ ਤੋਂ ਬਾਹਰ ਵਿਰੋਧੀਆਂ ਨੂੰ ਨਿਸ਼ਾਨਾ ਬਣਾਉਣ ਲਈ ਇਹ ਸਾਰਾ ਡਰਾਮਾ ਰਚਿਆ ਹੈ। ਉਨ੍ਹਾਂ ਕਿਹਾ, ‘‘ਸ੍ਰੀ ਗਹਿਲੋਤ ਨੂੰ ਇਹ ਗੱਲ ਹਜ਼ਮ ਨਹੀਂ ਹੋ ਰਹੀ ਕਿ ਲੋਕ ਸਭਾ ਚੋਣਾਂ ਵਿੱਚ ਮੈਂ ਉਨ੍ਹਾਂ ਦੇ ਪੁੱਤਰ ਨੂੰ ਹਰਾ ਦਿੱਤਾ ਅਤੇ ਉਹ ਮੇਰੇ ਖ਼ਿਲਾਫ਼ ਹਰ ਹੀਲਾ ਵਰਤਣ ਦੀ ਕੋਸ਼ਿਸ਼ ਕਰ ਰਹੇ ਹਨ। ਉਹ ਕਿਸੇ ਵੀ ਤਰ੍ਹਾਂ ਉਸ ਹਾਰ ਦਾ ਬਦਲਾ ਲੈਣਾ ਚਾਹੁੰਦੇ ਹਨ।’’ਰਾਜਸਥਾਨ ਵਿਚ ਚੱਲ ਰਹੇ ਸਿਆਸੀ ਸਮੀਕਰਨਾਂ ’ਤੇ ਸਾਬਕਾ ਮੁੱਖ ਮੰਤਰੀ ਵਸੁੰਧਰਾ ਰਾਜੇ ਸਿੰਧੀਆ ਦੀ ਖ਼ਾਮੋਸ਼ੀ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ, ‘‘ਵਸੁੰਧਰਾ ਜੀ ਦੀ ਖ਼ਾਮੋਸ਼ੀ ਇਕ ਰਣਨੀਤੀ ਵੀ ਹੋ ਸਕਦੀ ਹੈ ਅਤੇ ਕਈ ਵਾਰ ਖ਼ਾਮੋਸ਼ੀ, ਸ਼ਬਦਾਂ ਨਾਲੋਂ ਜ਼ਿਆਦਾ ਉੱਚੀ ਸੁਣਦੀ ਹੈ।’’
-ਪੀਟੀਆਈ