ਪਣਜੀ, 24 ਜੂਨ
ਗੋਆ ਦੀ ਇੱਕ ਅਦਾਲਤ ਨੇ ਹਰਿਆਣਾ ਦੀ ਭਾਜਪਾ ਨੇਤਾ ਸੋਨਾਲੀ ਫੋਗਾਟ ਦੀ ਹੱਤਿਆ ਕਾਂਡ ਦੇ ਮੁੱਖ ਮੁਲਜ਼ਮ ਸੁਧੀਰ ਸਾਂਗਵਾਨ ਨੂੰ ਜ਼ਮਾਨਤ ਦੇ ਦਿੱਤੀ ਹੈ। ਪਿਛਲੇ ਸਾਲ ਅਗਸਤ ਵਿੱਚ ਆਪਣੇ ਦੋ ਸਹਿਯੋਗੀਆਂ ਨਾਲ ਪਾਰਟੀ ਕਰਨ ਮਗਰੋਂ ਫੋਗਾਟ (43) ਦੀ ਅੰਜੁਨਾ ਪਿੰਡ ਵਿੱਚੋਂ ਲਾਸ਼ ਮਿਲੀ ਸੀ। ਦੋਵਾਂ ‘ਤੇ ਦੋਸ਼ ਹਨ ਕਿ ਉਨ੍ਹਾਂ ਫੋਗਾਟ ਨੂੰ ਨਸ਼ੀਲਾ ਪਦਾਰਥ ਦਿੱਤਾ ਸੀ, ਜਿਸ ਦੀ ਓਵਰਡੋਜ਼ ਕਾਰਨ ਉਸ ਦੀ ਮੌਤ ਹੋ ਗਈ। ਜ਼ਿਲ੍ਹਾ ਅਤੇ ਸੈਸ਼ਨ ਅਦਾਲਤ ਨੇ ਸਾਂਗਵਾਨ ਨੂੰ ਸ਼ੁੱਕਰਵਾਰ ਨੂੰ ਜ਼ਮਾਨਤ ਦੇ ਦਿੱਤੀ ਅਤੇ ਉਸ ਨੂੰ ਇੱਕ ਲੱਖ ਦਾ ਮੁਚੱਲਕਾ ਭਰਨ ਦਾ ਹੁਕਮ ਦਿੱਤਾ ਹੈ। ਸਾਂਗਵਾਨ ਦੇ ਵਕੀਲ ਨੇ ਦੱਸਿਆ ਕਿ ਅਦਾਲਤ ਨੇ ਉਸ ਨੂੰ ਸੂਬਾ ਨਾ ਛੱਡਣ ਅਤੇ ਹਰ ਸ਼ੁੱਕਰਵਾਰ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਸਾਹਮਣੇ ਪੇਸ਼ ਹੋਣ ਲਈ ਕਿਹਾ ਹੈ। ਗੋਆ ਪੁਲੀਸ ਨੇ ਸਾਂਗਵਾਨ ਅਤੇ ਉਸ ਦੇ ਸਾਥੀ ਸੁਖਵਿੰਦਰ ਸਿੰਘ ਨੂੰ ਇਸ ਮਾਮਲੇ ਸਬੰਧੀ ਪਿਛਲੇ ਸਾਲ ਗ੍ਰਿਫ਼ਤਾਰ ਕੀਤਾ ਸੀ। -ਪੀਟੀਆਈ