ਨਵੀਂ ਦਿੱਲੀ, 12 ਫਰਵਰੀ
ਕਾਂਗਰਸ ਦੇ ਪ੍ਰਮੁੱਖ ਆਗੂਆਂ ਵੱਲੋਂ ‘ਇੰਡੀਆ’ ਗੱਠਜੋੜ ਦੀਆਂ ਵੱਖ-ਵੱਖ ਪਾਰਟੀਆਂ ਨਾਲ ਸੀਟਾਂ ਦੀ ਵੰਡ ਦੀ ਵਿਵਸਥਾ ਨੂੰ ਅੰਤਿਮ ਰੂਪ ਦੇਣ ਬਾਰੇ ਚਰਚਾ ਕਰਨ ਲਈ ਅੱਜ ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ ਦੀ ਰਿਹਾਇਸ਼ ’ਤੇ ਮੀਟਿੰਗ ਕੀਤੀ ਗਈ। ਸੂਤਰਾਂ ਨੇ ਦੱਸਿਆ ਕਿ ਇਸ ਦੌਰਾਨ ਰਾਜ ਸਭਾ ਚੋਣਾਂ ਲਈ ਪਾਰਟੀ ਦੇ ਸੰਭਾਵੀ ਉਮੀਦਵਾਰਾਂ ਦੇ ਨਾਵਾਂ ਬਾਰੇ ਵੀ ਚਰਚਾ ਕੀਤੀ ਗਈ। ਸੂਤਰਾਂ ਨੇ ਕਿਹਾ ਕਿ ਕਾਂਗਰਸ ਸੰਸਦੀ ਦਲ ਦੀ ਮੁਖੀ ਸੋਨੀਆ ਗਾਂਧੀ ਅਤੇ ਪਾਰਟੀ ਦੇ ਖਜ਼ਾਨਚੀ ਅਜੈ ਮਾਕਨ ਦੇ ਨਾਮ ਸੰਭਾਵੀ ਉਮੀਦਵਾਰਾਂ ਵਿੱਚੋਂ ਸਭ ਤੋਂ ਉਪਰ ਹਨ। ਪਾਰਟੀ ਸੂਤਰਾਂ ਦਾ ਕਹਿਣਾ ਹੈ ਕਿ ਸੋਨੀਆ ਗਾਂਧੀ ਨੂੰ ਰਾਜਸਥਾਨ ਜਾਂ ਹਿਮਾਚਲ ਪ੍ਰਦੇਸ਼ ਤੋਂ ਉਮੀਦਵਾਰ ਬਣਾਏ ਜਾਣ ਦੀ ਸੰਭਾਵਨਾ ਹੈ। ਗਿਣਤੀ ਦੇ ਹਿਸਾਬ ਨਾਲ ਦੋਵਾਂ ਸੂਬਿਆਂ ਤੋਂ ਕਾਂਗਰਸ ਨੂੰ ਰਾਜ ਸਭਾ ਦੀ ਇੱਕ-ਇੱਕ ਸੀਟ ਮਿਲੇਗੀ। ਸੋਨੀਆ ਗਾਂਧੀ ਦੇ ਇਸ ਵਾਰ ਲੋਕ ਸਭਾ ਚੋਣਾਂ ਲੜਨ ਦੀ ਸੰਭਾਵਨਾ ਨਹੀਂ ਹੈ। ਉਨ੍ਹਾਂ ਨੇ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਕਿਹਾ ਸੀ ਕਿ ਇਹ ਆਖ਼ਰੀ ਵਾਰ ਹੈ, ਜਦੋਂ ਉਹ ਆਮ ਚੋਣਾਂ ਲੜ ਰਹੀ ਹੈ। ਕਾਂਗਰਸ ਨੇ 15 ਸੂਬਿਆਂ ਦੀਆਂ 56 ਸੀਟਾਂ ਲਈ ਹੋਣ ਵਾਲੀਆਂ ਰਾਜ ਸਭਾ ਚੋਣਾਂ ਲਈ ਅਜੇ ਤੱਕ ਕਿਸੇ ਉਮੀਦਵਾਰ ਦਾ ਐਲਾਨ ਨਹੀਂ ਕੀਤਾ। ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੀ ਆਖ਼ਰੀ ਤਰੀਕ 15 ਫਰਵਰੀ ਅਤੇ ਚੋਣਾਂ 27 ਫਰਵਰੀ ਨੂੰ ਹੋਣਗੀਆਂ। ਕਾਂਗਰਸ ਵੱਲੋਂ ਡੀਐੱਮਕੇ, ਜੇਐੱਮਐੱਮ, ਆਰਜੇਡੀ ਅਤੇ ਐਨਸੀਪੀ ਅਤੇ ਸ਼ਿਵਾ ਸੈਨਾ ਵਰਗੀਆਂ ਹਮਖ਼ਿਆਲੀ ਪਾਰਟੀਆਂ ਨਾਲ ਸੀਟਾਂ ਦੀ ਵੰਡ ਦੀ ਚਰਚਾ ਨੂੰ ਅੰਤਿਮ ਰੂਪ ਦੇ ਰਹੀ ਹੈ। -ਪੀਟੀਆਈ