ਪਾਂਡਵਪੁਰਾ (ਕਰਨਾਟਕ), 6 ਅਕਤੂਬਰ
ਕਾਂਗਰਸ ਦੀ ਕੌਮੀ ਪ੍ਰਧਾਨ ਸੋਨੀਆ ਗਾਂਧੀ ਨੇ ਅੱਜ ਲੰਬੇ ਸਮੇਂ ਬਾਅਦ ਜਨਤਕ ਤੌਰ ’ਤੇ ਸਾਹਮਣੇ ਆਉਂਦਿਆਂ ਕਰਨਾਟਕ ਵਿੱਚ ਚੱਲ ਰਹੀ ਕਾਂਗਰਸ ਦੀ ‘ਭਾਰਤ ਜੋੜੋ ਯਾਤਰਾ’ ਵਿੱਚ ਸ਼ਮੂਲੀਅਤ ਕੀਤੀ। ਉਨ੍ਹਾਂ ਦੇ ਯਾਤਰਾ ਵਿੱਚ ਸ਼ਾਮਲ ਹੋਣ ਨਾਲ ਪਾਰਟੀ ਆਗੂਆਂ ਤੇ ਵਰਕਰਾਂ ਦੇ ਹੌਸਲੇ ਬੁਲੰਦ ਦਿਖਾਈ ਦਿੱਤੇ।
ਪਾਰਟੀ ਵਰਕਰਾਂ ਦੀਆਂ ਤਾੜੀਆਂ ਅਤੇ ਨਾਅਰਿਆਂ ਦਰਮਿਆਨ ਸੋਨੀਆ ਗਾਂਧੀ (75) ਨੇ ਅੱਜ ਸਵੇਰੇ ਕਰਨਾਟਕ ਦੇ ਮਾਂਡਿਆ ਜ਼ਿਲ੍ਹੇ ਵਿੱਚ ਆਪਣੇ ਪੁੱਤਰ ਰਾਹੁਲ ਗਾਂਧੀ ਤੇ ਹੋਰ ਆਗੂਆਂ ਨਾਲ ਕੁਝ ਕਿਲੋਮੀਟਰ ਪੈਦਲ ਯਾਤਰਾ ਕੀਤੀ। ਸੋਨੀਆ ਤੇ ਰਾਹੁਲ ਗਾਂਧੀ ਦੇ ਨਾਲ ਚੱਲਣ ਵਾਲੇ ਕਾਫਲੇ ਵਿੱਚ ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਸਿੱਧਾਰਮਈਆ ਤੇ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਡੀ.ਕੇ. ਸ਼ਿਵਕੁਮਾਰ ਦੀ ਅਗਵਾਈ ਹੇਠ ਪਾਰਟੀ ਦੇ ਚੋਟੀ ਦੇ ਆਗੂ ਸ਼ਾਮਲ ਸਨ। ਇਸ ਦੌਰਾਨ ਮਾਂ-ਪੁੱਤ ਦੀਆਂ ਇਕੱਠਿਆਂ ਤੁਰਦਿਆਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋਈਆਂ। ਇਸੇ ਦੌਰਾਨ ਰਾਹੁਲ ਗਾਂਧੀ ਨੇ ਟਵੀਟ ਕਰ ਕੇ ਕਿਹਾ, ‘‘ਅਸੀਂ ਪਿਛਲੇ ਸਮੇਂ ਦੌਰਾਨ ਤੂਫਾਨਾਂ ’ਚੋਂ ਲੰਘੇ ਹਾਂ ਅਤੇ ਅੱਜ ਵੀ ਅਸੀਂ ਚੁਣੌਤੀਆਂ ਦੀਆਂ ਸਾਰੀਆਂ ਹੱਦਾਂ ਤੋੜਾਂਗੇ ਅਤੇ ਮਿਲ ਕੇ ਭਾਰਤ ਨੂੰ ਇਕਜੁੱਟ ਕਰਾਂਗੇ।’’ ਉਨ੍ਹਾਂ ਆਪਣੀ ਮਾਂ ਨਾਲ ਯਾਤਰਾ ਕਰਦਿਆਂ ਦੀ ਇਕ ਤਸਵੀਰ ਵੀ ਸਾਂਝੀ ਕੀਤੀ। ਕਰਨਾਟਕ ਵਿੱਚ ਯਾਤਰਾ ਜਾਰੀ ਹੈ ਤੇ ਤਿਲੰਗਾਨਾ ਵਿੱਚ ਦਾਖ਼ਲ ਹੋਣ ਤੋਂ ਪਹਿਲਾਂ ਇਸ ਸੂਬੇ ਵਿੱਚ ਯਾਤਰਾ ਅਜੇ 15 ਦਿਨ ਹੋਰ ਰਹੇਗੀ। ਕਾਂਗਰਸ ਨੇ ਮਾਂ-ਪੁੱਤ ਦੀ ਟਵਿੱਟਰ ’ਤੇ ਇਕ ਤਸਵੀਰ ਸਾਂਝੀ ਕੀਤੀ ਅਤੇ ਕਿਹਾ, ‘‘ਜਿਹੜੇ ਪਿਆਰ ਦੇ ਸੁਰੱਖਿਆ ਘੇਰੇ ਵਿੱਚ ਹੋਣ ਉਨ੍ਹਾਂ ਨੂੰ ਕਿਸੇ ਚੀਜ਼ ਦਾ ਡਰ ਨਹੀਂ। ਰਸਤੇ ’ਤੇ ਅੱਗੇ ਵਧ ਰਹੇ ਹਾਂ।’’ ਪਾਰਟੀ ਵੱਲੋਂ ਇਕ ਹੋਰ ਤਸਵੀਰ ਸਾਂਝੀ ਕੀਤੀ ਗਈ ਜਿਸ ਵਿੱਚ ਦਿਲ ਦੇ ਨਾਲ ਸਿਰਫ਼ ‘ਮਾਂ’ ਲਿਖਿਆ ਹੈ। ਇਸ ਤਸਵੀਰ ਵਿੱਚ ਰਾਹੁਲ ਗਾਂਧੀ ਸੋਨੀਆ ਗਾਂਧੀ ਦੇ ਜੁੱਤਿਆਂ ਦੇ ਤਸਮੇ ਬੰਨ੍ਹਦੇ ਨਜ਼ਰ ਆ ਰਹੇ ਹਨ। -ਪੀਟੀਆਈ
ਯਾਤਰਾ ਦਾ ਕੋਈ ਪ੍ਰਭਾਵ ਨਹੀਂ ਪੈਣਾ: ਬੋਮੱਈ
ਬੰਗਲੂਰੂ: ਕਰਨਾਟਕ ਦੇ ਮੁੁੱਖ ਮੰਤਰੀ ਬਸਵਰਾਜ ਬੋਮੱਈ ਨੇ ਅੱਜ ਸੂਬੇ ਵਿੱਚ ਕਾਂਗਰਸ ਦੀ ‘ਭਾਰਤ ਜੋੜੋ ਯਾਤਰਾ’ ਵਿੱਚ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਦੇ ਸ਼ਾਮਲ ਹੋਣ ਨੂੰ ਅਹਿਮੀਅਤ ਨਾ ਦਿੰਦਿਆਂ ਕਿਹਾ, ‘‘ਉਹ ਅੱਧਾ ਕੁ ਕਿਲੋਮੀਟਰ ਚੱਲੇ ਅਤੇ ਵਾਪਸ ਚਲੇ ਗਏ।’’ ਉਨ੍ਹਾਂ ਕਿਹਾ ਕਿ ਯਾਤਰਾ ਦਾ ਸੂਬੇ ਵਿੱਚ ਕੋਈ ਪ੍ਰਭਾਵ ਨਹੀਂ ਪਵੇਗਾ। ਇੱਥੇ ਅੱਜ ਪੱਤਰਕਾਰਾਂ ਵੱਲੋਂ ਯਾਤਰਾ ਦੇ ਪ੍ਰਭਾਵ ਬਾਰੇ ਪੁੱਛੇ ਜਾਣ ’ਤੇ ਬੋਮਈ ਨੇ ਕਿਹਾ, ‘‘ਕੁਦਰਤੀ ਤੌਰ ’ਤੇ ਸਾਰੇ ਪਾਰਟੀ ਆਗੂ ਆਪੋ-ਆਪਣੀ ਪਾਰਟੀ ਲਈ ਕੰਮ ਕਰਨਗੇ। ਸੋਨੀਆ ਗਾਂਧੀ ਅੱਧਾ ਕੁ ਕਿਲੋਮੀਟਰ ਚੱਲੀ ਅਤੇ ਵਾਪਸ ਚਲੀ ਗਈ। ਜਿੱਥੋਂ ਤੱਕ ਸਾਡੀ ਚਿੰਤਾ ਵਾਲੀ ਗੱਲ ਹੈ ਤਾ ਅਸੀਂ ਇਸ ਤੋਂ ਕੁਝ ਨਹੀਂ ਲੈਣਾ ਅਤੇ ਨਾ ਹੀ ਇਸ ਦਾ ਕੋਈ ਪ੍ਰਭਾਵ ਪੈਣਾ ਹੈ।’’ ਮੁੱਖ ਮੰਤਰੀ ਨੇ ਕਾਂਗਰਸ ਦੀ ਯਾਤਰਾ ਦੇ ਜਵਾਬ ਵਿੱਚ ਭਾਜਪਾ ਆਗੂਆਂ ਵੱਲੋਂ ਵੀ ਸੂਬੇ ਭਰ ਦਾ ਦੌਰਾ ਕਰਨ ਤੇ ਰੈਲੀਆਂ ਕਰਨ ਦੀ ਯੋਜਨਾ ਬਣਾਏ ਜਾਣ ਦੇ ਦਾਅਵਿਆਂ ਨੂੰ ਰੱਦ ਕੀਤਾ। -ਪੀਟੀਆਈ