ਨਵੀਂ ਦਿੱਲੀ, 17 ਜੂਨ
ਕਾਂਗਰਸ ਨੇ ਅੱਜ ਕਿਹਾ ਹੈ ਕਿ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੇ ਕੋਵੀਸ਼ੀਲਡ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲਗਵਾ ਲਈਆਂ ਹਨ। ਭਾਜਪਾ ਵੱਲੋਂ ਸਵਾਲ ਕੀਤੇ ਜਾਣ ’ਤੇ ਕਾਂਗਰਸ ਨੇ ਕਿਹਾ ਕਿ ਹੁਣ ਸਰਕਾਰ ਗ਼ੈਰ ਲੋੜੀਂਦੇ ਮੁੱਦੇ ਖੜ੍ਹੇ ਕਰਨ ਦੀ ਬਜਾਏ ਸਾਰੇ ਭਾਰਤੀਆਂ ਦੇ ਟੀਕਾਕਰਨ ਦੇ ਰਾਜ ਧਰਮ ਦਾ ਪਾਲਣ ਕਰੇ। ਪਾਰਟੀ ਦੇ ਮੁੱਖ ਤਰਜਮਾਨ ਰਣਦੀਪ ਸੁਰਜੇਵਾਲਾ ਨੇ ਭਾਜਪਾ ਵੱਲੋਂ ਗਾਂਧੀ ਪਰਿਵਾਰ ’ਤੇ ਟੀਕੇ ਨਾ ਲਗਵਾਉਣ ਸਬੰਧੀ ਸ਼ੰਕੇ ਖੜ੍ਹੇ ਕਰਨ ’ਤੇ ਵਰ੍ਹਦਿਆਂ ਕਿਹਾ ਕਿ ਸੋਨੀਆ ਦੀ ਧੀ ਪ੍ਰਿਯੰਕਾ ਗਾਂਧੀ ਵਾਡਰਾ ਨੇ ਵੈਕਸੀਨ ਦੀ ਪਹਿਲੀ ਖੁਰਾਕ ਲਗਵਾ ਲਈ ਹੈ ਅਤੇ ਉਨ੍ਹਾਂ ਦਾ ਬੇਟਾ ਰਾਹੁਲ ਗਾਂਧੀ ਡਾਕਟਰਾਂ ਦੀ ਸਲਾਹ ’ਤੇ ਟੀਕਾ ਲਗਵਾ ਲਵੇਗਾ। ਕਈ ਭਾਜਪਾ ਆਗੂਆਂ ਨੇ ਗਾਂਧੀ ਪਰਿਵਾਰ ਦੇ ਟੀਕਾਕਰਨ ’ਤੇ ਸਵਾਲ ਉਠਾਉਂਦਿਆਂ ਦੋਸ਼ ਲਾਏ ਸਨ ਕਿ ਪਾਰਟੀ ਮੁਲਕ ’ਚ ਵੈਕਸੀਨ ਬਾਰੇ ਦੁਬਿਧਾ ਪੈਦਾ ਕਰ ਰਹੀ ਹੈ। ਸ੍ਰੀ ਸੁਰਜੇਵਾਲਾ ਨੇ ਕਿਹਾ,‘‘ਮੋਦੀ ਸਰਕਾਰ ਨੂੰ ਬੇਲੋੜੇ ਮੁੱਦੇ ਉਠਾਉਣ ਦੀ ਬਜਾਏ ਰੋਜ਼ਾਨਾ 80 ਲੱਖ ਤੋਂ ਇਕ ਕਰੋੜ ਲੋਕਾਂ ਦੇ ਟੀਕਾਕਰਨ ’ਤੇ ਧਿਆਨ ਕੇਂਦਰਤ ਕਰਨਾ ਚਾਹੀਦਾ ਹੈ ਤਾਂ ਜੋ 31 ਦਸੰਬਰ ਤੱਕ 100 ਕਰੋੜ ਭਾਰਤੀਆਂ ਦੇ ਟੀਕਾ ਲਗਾਉਣ ਦਾ ਟੀਚਾ ਪੂਰਾ ਹੋ ਸਕੇ। ਕੋਵਿਡ ਦੀ ਦੂਜੀ ਲਹਿਰ ਦੌਰਾਨ ਭਾਰਤ ਦੇ ਲੋਕਾਂ ਨੂੰ ਨਾਕਾਮ ਬਣਾਉਣ ਮਗਰੋਂ ਹੁਣ ਸਰਕਾਰ ਨੂੰ ਰਾਜ ਧਰਮ ਦੀ ਪਾਲਣਾ ਕਰਨ ਦੀ ਲੋੜ ਹੈ।’’ ਕਾਂਗਰਸ ਆਗੂ ਨੇ ਕਿਹਾ ਕਿ ਹਰਸ਼ ਵਰਧਨ ਮੁਲਕ ਦੇ ਸਿਹਤ ਮੰਤਰੀ ਹਨ ਅਤੇ ਉਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਕਾਂਗਰਸ ਪ੍ਰਧਾਨ ਨੇ ਕੋਵੀਸ਼ੀਲਡ ਦੀਆਂ ਦੋਵੇਂ ਖੁਰਾਕਾਂ ਲਗਵਾ ਲਈਆਂ ਹਨ। ਉਨ੍ਹਾਂ ਦੋਸ਼ ਲਾਇਆ ਕਿ ਮੋਦੀ ਸਰਕਾਰ ਅਤੇ ਸਿਹਤ ਮੰਤਰੀ ਦੇਸ਼ ’ਚ ਟੀਕਾਕਰਨ ਦੇ ਬਹੁਤ ਵੱਡੇ ਮਾੜੇ ਪ੍ਰਬੰਧਨ ਦੇ ਦੋਸ਼ੀ ਹਨ। ‘ਪ੍ਰਧਾਨ ਮੰਤਰੀ ਅਤੇ ਸਿਹਤ ਮੰਤਰੀ ਦੀ ਅੜੀ ਅਤੇ ਅਯੋਗਤਾ ਨੇ ਲੱਖਾਂ ਭਾਰਤੀਆਂ ਦੀ ਜ਼ਿੰਦਗੀ ਨੂੰ ਖ਼ਤਰੇ ’ਚ ਪਾ ਦਿੱਤਾ ਹੈ।’ ਸੁਰਜੇਵਾਲਾ ਨੇ ਕਿਹਾ ਕਿ 16 ਜੂਨ ਤੱਕ ਔਸਤਨ 17.23 ਲੱਖ ਰੋਜ਼ਾਨਾ ਟੀਕੇ ਲੱਗੇ ਹਨ ਅਤੇ ਇਸ ਰਫ਼ਤਾਰ ਨਾਲ 94.4 ਕਰੋੜ ਭਾਰਤੀਆਂ ਨੂੰ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲਗਵਾਉਣ ’ਚ 944 ਦਿਨ ਲਗਣਗੇ। ਇਸ ਦਾ ਮਤਲਬ ਹੈ ਕਿ ਢਾਈ ਸਾਲਾਂ ਮਗਰੋਂ 16 ਜਨਵਰੀ 2024 ਤੱਕ ਟੀਕਾਕਰਨ ਦਾ ਅਮਲ ਮੁਕੰਮਲ ਹੋਵੇਗਾ। -ਪੀਟੀਆਈ