ਮੈਸੂਰ, 3 ਅਕਤੂਬਰ
ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਪਾਰਟੀ ਦੀ ‘ਭਾਰਤ ਜੋੜੋ ਯਾਤਰਾ’ ਵਿਚ ਹਿੱਸਾ ਲੈਣ ਲਈ ਕਰਨਾਟਕ ਦੇ ਇਤਿਹਾਸਕ ਸ਼ਹਿਰ ਮੈਸੂਰ ਪਹੁੰਚ ਗਏ ਹਨ। ਉਹ ਭਲਕੇ ਯਾਤਰਾ ਵਿਚ ਸ਼ਾਮਲ ਹੋਣਗੇ। ਯਾਤਰਾ ਦੋ ਦਿਨਾਂ ਦੇ ਠਹਿਰਾਅ ਮਗਰੋਂ ਭਲਕੇ ਮੁੜ ਸ਼ੁਰੂ ਹੋਵੇਗੀ। ਦੱਸਣਯੋਗ ਹੈ ਕਿ ਸਿਹਤ ਠੀਕ ਨਾ ਹੋਣ ਕਾਰਨ ਸੋਨੀਆ ਗਾਂਧੀ ਪਿਛਲੇ ਕੁਝ ਸਮੇਂ ਤੋਂ ਪਾਰਟੀ ਲਈ ਚੋਣ ਪ੍ਰਚਾਰ ਨਹੀਂ ਕਰ ਰਹੇ ਹਨ। ਭਲਕੇ ਲੰਮੇ ਸਮੇਂ ਬਾਅਦ ਉਹ ਪਾਰਟੀ ਦੇ ਕਿਸੇ ਜਨਤਕ ਸਮਾਗਮ ਵਿਚ ਹਿੱਸਾ ਲੈਣਗੇ। ਭਾਰਤ ਜੋੜੋ ਯਾਤਰਾ 26ਵੇਂ ਦਿਨ ਵਿਚ ਦਾਖਲ ਹੋ ਗਈ ਹੈ। ਯਾਤਰਾ ਪੰਜ ਮਹੀਨਿਆਂ ਦੌਰਾਨ ਕੰਨਿਆਕੁਮਾਰੀ ਤੋਂ ਕਸ਼ਮੀਰ ਤੱਕ ਕੀਤੀ ਜਾਣੀ ਹੈ। ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ 3570 ਕਿਲੋਮੀਟਰ ਲੰਮੀ ਯਾਤਰਾ ਦੀ ਅਗਵਾਈ ਕਰ ਰਹੇ ਹਨ। ਇਸੇ ਦੌਰਾਨ ਰਾਹੁਲ ਨੇ ਅੱਜ ਇੱਥੇ ਚਾਮੁੰਡੀ ਪਹਾੜੀਆਂ ’ਤੇ ਸਥਿਤ ਚਾਮੁੰਡੇਸ਼ਵਰੀ ਮੰਦਰ ’ਚ ਮੱਥਾ ਟੇਕਿਆ। ਰਾਹੁਲ ਗਾਂਧੀ ਦੇ ਨਾਲ ਇਸ ਮੌਕੇ ਉਨ੍ਹਾਂ ਦੇ ਸਮਰਥਕ ਤੇ ਪਾਰਟੀ ਆਗੂ ਹਾਜ਼ਰ ਸਨ। ਜ਼ਿਕਰਯੋਗ ਹੈ ਕਿ ਮੈਸੂਰ ਵਿਚ ਇਸ ਵੇਲੇ ਦਸਹਿਰੇ ਦੀਆਂ ਪੂਰੀਆਂ ਰੌਣਕਾਂ ਹਨ ਤੇ ਰਾਹੁਲ ਦੀ ਯਾਤਰਾ ਸ਼ਹਿਰ ਦੇ ਪੁਰਾਣੇ ਹਿੱਸਿਆਂ ਵਿਚੋਂ ਲੰਘੇਗੀ। ਕਾਂਗਰਸ ਦੀ ਯਾਤਰਾ ਦਾ ਸਮਰਥਕਾਂ ਵੱਲੋਂ ਥਾਂ-ਥਾਂ ਜ਼ੋਰ-ਸ਼ੋਰ ਨਾਲ ਸਵਾਗਤ ਕੀਤਾ ਜਾ ਰਿਹਾ ਹੈ। ਦੱਸਣਯੋਗ ਹੈ ਕਿ ਰਾਹੁਲ ਗਾਂਧੀ ਨੇ ਐਤਵਾਰ ਰਾਤ ਇੱਥੇ ਵਰ੍ਹਦੇ ਮੀਂਹ ਵਿਚ ਇਕ ਇਕੱਠ ਨੂੰ ਸੰਬੋਧਨ ਵੀ ਕੀਤਾ। ਉਨ੍ਹਾਂ ਪੂਰੀ ਤਰ੍ਹਾਂ ਭਿੱਜਣ ਦੇ ਬਾਵਜੂਦ ਭਾਸ਼ਣ ਮੁਕੰਮਲ ਕੀਤਾ।
ਰਾਹੁਲ ਨੇ ਅੱਜ ਕਰਨਾਟਕ ਦੀ ਭਾਜਪਾ ਸਰਕਾਰ ’ਤੇ ਵੀ ਨਿਸ਼ਾਨਾ ਸੇਧਿਆ। ਉਨ੍ਹਾਂ ਸੂਬੇ ਦੀ ਸਰਕਾਰ ਨੂੰ ‘ਸਭ ਤੋਂ ਭ੍ਰਿਸ਼ਟ’ ਕਰਾਰ ਦਿੱਤਾ। ਰਾਹੁਲ ਨੇ ਕਿਹਾ ਕਿ ਕਮਿਸ਼ਨ ਲੈਣ ਦੀਆਂ ਸ਼ਿਕਾਇਤਾਂ ਪ੍ਰਧਾਨ ਮੰਤਰੀ ਨੂੰ ਭੇਜੀਆਂ ਗਈਆਂ ਪਰ ਕੋਈ ਕਾਰਵਾਈ ਨਹੀਂ ਹੋਈ। ਕਾਂਗਰਸ ਆਗੂ ਮੈਸੂਰ ਵਿਚ ਯਾਤਰਾ ਕੱਢ ਰਹੇ ਹਨ ਜਿੱਥੇ 10 ਦਿਨਾਂ ਦਾ ਦਸਹਿਰਾ ਉਤਸਵ ਸ਼ੁਰੂ ਹੋ ਗਿਆ ਹੈ। ਲੋਕ ਸੜਕ ਕਿਨਾਰੇ ਖੜ੍ਹੇ ਹੋ ਕੇ ਰਾਹੁਲ ਗਾਂਧੀ ਤੇ ਸਮਰਥਕਾਂ ਦਾ ਸਵਾਗਤ ਕਰ ਰਹੇ ਹਨ। ਯਾਤਰਾ ਨੇ ਕਰਨਾਟਕ, ਤਾਮਿਲਨਾਡੂ ਤੇ ਕੇਰਲਾ ਵਿਚ 600 ਕਿਲੋਮੀਟਰ ਮੁਕੰਮਲ ਕਰ ਲਏ ਹਨ। -ਪੀਟੀਆਈ