ਨਵੀਂ ਦਿੱਲੀ, 4 ਮਈ
ਸਾਈਬਰ ਸੁਰੱਖਿਆ ਫੋਰਮ ਸੋਫੋਸ ਨੇ ਆਪਣੀ ਰਿਪੋਰਟ ਵਿੱਚ ਕਿਹਾ ਹੈ ਕਿ ਇਕ ਸਰਵੇਖਣ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਤਕਰੀਬਨ 78 ਫ਼ੀਸਦ ਭਾਰਤੀ ਸੰਸਥਾਵਾਂ ਡੇਟਾ ਜਾਂ ਸਾਫ਼ਟਵੇਅਰ ਹੈਕ ਹੋਣ ਕਾਰਨ ਫਿਰੌਤੀ ਮੰਗਣ ਸਬੰਧੀ ਘਟਨਾਵਾਂ ਦਾ ਸ਼ਿਕਾਰ ਹੋ ਚੁੱਕੀਆਂ ਹਨ ਅਤੇ ਕੁਝ ਕੁ ਨੇ ਆਪਣਾ ਡੇਟਾ ਵਾਪਸ ਹਾਸਲ ਕਰਨ ਲਈ 76 ਕਰੋੜ ਰੁਪਏ ਤੋਂ ਵੱਧ ਦੀ ਫਿਰੌਤੀ ਵੀ ਦਿੱਤੀ ਹੈ। ਰਿਪੋਰਟ ਮੁਤਾਬਕ ਭਾਰਤੀ ਸੰਸਥਾਵਾਂ ਦੇ ਅੰਕੜਿਆਂ ਜਾਂ ਸਾਫ਼ਟਵੇਅਰ ’ਤੇ ਹੋਏ ਹਮਲੇ ਲਈ ਉਨ੍ਹਾਂ ਵੱਲੋਂ ਔਸਤ 11,98,475 ਅਮਰੀਕੀ ਡਾਲਰ (ਕਰੀਬ ਨੌਂ ਕਰੋੜ ਰੁਪਏ) ਦੀ ਫਿਰੌਤੀ ਦਿੱਤੀ ਗਈ ਹੈ ਜਦਕਿ ਕਰੀਬ 10 ਫ਼ੀਸਦ ਪੀੜਤ 10 ਲੱਖ ਜਾਂ ਇਸ ਤੋਂ ਵੱਧ ਅਮਰੀਕੀ ਡਾਲਰ ਦੀ ਫਿਰੌਤੀ ਵਜੋਂ ਦੇ ਚੁੱਕੇ ਹਨ। ਸੋਫੋਸ ਦੇ ਭਾਰਤ ਅਤੇ ਸਾਰਕ ਦੇਸ਼ਾਂ ਦੇ ਮੈਨੇਜਿੰਗ ਡਾਇਰੈਕਟਰ (ਸੇਲਜ਼) ਸੁਨੀਲ ਸ਼ਰਮਾ ਨੇ ਕਿਹਾ ਕਿ ਭਾਰਤ ਵਿੱਚ ਡੇਟਾ ਹੈਕ ਕਰਨ ਬਦਲੇ ਫਿਰੌਤੀ ਮੰਗਣ ਸਬੰਧੀ ਹਾਲਾਤ ਚਿੰਤਾ ਵਾਲੇ ਹਨ। -ਪੀਟੀਆਈ