ਸ੍ਰੀਨਗਰ, 12 ਜੂਨ
ਜੰਮੂ-ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਦੇ ਸੋਪੋਰ ਕਸਬੇ ’ਚ ਅਤਿਵਾਦੀਆਂ ਵੱਲੋਂ ਸੁਰੱਖਿਆ ਬਲਾਂ ਨੂੰ ਨਿਸ਼ਾਨਾ ਬਣਾ ਕੇ ਕੀਤੀ ਗਈ ਅੰਨ੍ਹੇਵਾਹ ਗੋਲੀਬਾਰੀ ’ਚ ਦੋ ਪੁਲੀਸ ਕਰਮੀ ਅਤੇ ਦੋ ਆਮ ਨਾਗਰਿਕ ਹਲਾਕ ਹੋ ਗਏ। ਹਮਲੇ ’ਚ ਇਕ ਹੋਰ ਪੁਲੀਸ ਕਰਮੀ ਸਮੇਤ ਤਿੰਨ ਜਣੇ ਜ਼ਖ਼ਮੀ ਹੋਏ ਹਨ। ਅਧਿਕਾਰੀਆਂ ਨੇ ਕਿਹਾ ਕਿ ਅਤਿਵਾਦੀਆਂ ਨੇ ਸੋਪੋਰ ਦੇ ਮੁੱਖ ਚੌਕ ਨੇੜੇ ਸੀਆਰਪੀਐੱਫ ਅਤੇ ਪੁਲੀਸ ਦੀ ਸਾਂਝੀ ਪਾਰਟੀ ’ਤੇ ਗੋਲੀਆਂ ਚਲਾਈਆਂ। ਮ੍ਰਿਤਕਾਂ ਦੀ ਪਛਾਣ ਸਿਪਾਹੀ ਵਸੀਮ ਅਤੇ ਸਿਪਾਹੀ ਸ਼ੌਕਤ ਵਜੋਂ ਹੋਈ ਹੈ। ਹਮਲੇ ’ਚ ਸਬ-ਇੰਸਪੈਕਟਰ ਮੁਕੇਸ਼ ਕੁਮਾਰ ਅਤੇ ਐੱਸਪੀਓ ਦਾਨਿਸ਼ ਜ਼ਖ਼ਮੀ ਹੋਏ ਹਨ। ਜੰਮੂ-ਕਸ਼ਮੀਰ ਦੇ ਡੀਜੀਪੀ ਦਿਲਬਾਗ ਸਿੰਘ ਨੇ ਦਾਅਵਾ ਕੀਤਾ ਹੈ ਕਿ ਅਤਿਵਾਦੀ ਹਮਲੇ ਪਿੱਛੇ ਲਸ਼ਕਰ-ਏ-ਤੋਇਬਾ ਦਾ ਹੱਥ ਹੈ। ਹਮਲੇ ’ਚ ਹਲਾਕ ਹੋਏ ਦੋ ਪੁਲੀਸ ਕਰਮੀਆਂ ਨੂੰ ਸ਼ਰਧਾਂਜਲੀ ਦੇਣ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਸਾਜ਼ਿਸ਼ਕਾਰਾਂ ਦੀ ਪਛਾਣ ਹੋ ਗਈ ਹੈ ਅਤੇ ਉਨ੍ਹਾਂ ਦਾ ਛੇਤੀ ਪਰਦਾਫਾਸ਼ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕੋਵਿਡ-19 ਦੀ ਡਿਊਟੀ ਲਈ ਤਾਇਨਾਤ ਸੋਪੋਰ ਪੁਲੀਸ ਥਾਣੇ ਦੀ ਟੀਮ ’ਤੇ ਹਮਲਾ ਹੋਇਆ ਹੈ। ਪੁਲੀਸ ਮੁਖੀ ਨੇ ਕਿਹਾ ਕਿ ਸੁਰੱਖਿਆ ਬਲਾਂ ਨੂੰ ਖ਼ਤਰਨਾਕ ਹਾਲਾਤ ’ਚ ਕੰਮ ਕਰਨਾ ਪੈਂਦਾ ਹੈ ਅਤੇ ਅਜਿਹੇ ਹਮਲੇ ਹੋ ਜਾਂਦੇ ਹਨ। ਵਾਦੀ ’ਚ ਪਿਛਲੇ ਕੁਝ ਦਿਨਾਂ ਤੋਂ ਅਤਿਵਾਦ ਦੇ ਮੁੜ ਸਿਰ ਚੁੱਕਣ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਪੁਲੀਸ ਅਤੇ ਹੋਰ ਸੁਰੱਖਿਆ ਬਲਾਂ ਦਾ ਵਾਦੀ ਦੇ ਸਾਰੇ ਇਲਾਕਿਆਂ ’ਤੇ ਪੂਰਾ ਕੰਟਰੋਲ ਹੈ। ਉਂਜ ਕੋਵਿਡ-19 ਕਾਰਨ ਅਤਿਵਾਦ ਵਿਰੋਧੀ ਕਾਰਵਾਈਆਂ ਕੁਝ ਘਟੀਆਂ ਹਨ ਪਰ ਸੁਰੱਖਿਆ ਬਲਾਂ ਵੱਲੋਂ ਦਹਿਸ਼ਤਗਰਦਾਂ ਖ਼ਿਲਾਫ਼ ਲਗਾਤਾਰ ਦਬਾਅ ਬਣਾਇਆ ਹੋਇਆ ਹੈ ਤਾਂ ਜੋ ਸ਼ਾਂਤੀ ਅਤੇ ਵਿਕਾਸ ਦੀ ਮਜ਼ਬੂਤੀ ਲਈ ਕੰਮ ਕੀਤਾ ਜਾ ਸਕੇ। ਦਹਿਸ਼ਤੀ ਹਮਲੇ ਦੀ ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ, ਸਾਬਕਾ ਮੁੱਖ ਮੰਤਰੀ ਅਤੇ ਨੈਸ਼ਨਲ ਕਾਨਫਰੰਸ ਦੇ ਮੀਤ ਪ੍ਰਧਾਨ ਉਮਰ ਅਬਦੁੱਲਾ, ਪੀਡੀਪੀ ਮੁਖੀ ਮਹਬਿੂਬਾ ਮੁਫ਼ਤੀ, ਭਾਜਪਾ ਤਰਜਮਾਨ ਅਲਤਾਫ਼ ਠਾਕੁਰ, ਕਾਂਗਰਸ ਕਮੇਟੀ, ਜੰਮੂ-ਕਸ਼ਮੀਰ ਪੀਪਲਜ਼ ਕਾਨਫਰੰਸ ਦੇ ਮੁਖੀ ਸੱਜਾਦ ਲੋਨ ਅਤੇ ਹੋਰਾਂ ਨੇ ਨਿਖੇਧੀ ਕਰਦਿਆਂ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਜਤਾਈ ਹੈ। -ਪੀਟੀਆਈ