ਸ੍ਰੀਨਗਰ, 9 ਨਵੰਬਰ
ਜੰਮੂ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਦੇ ਸੋਪੋਰ ਵਿੱਚ ਅੱਜ ਸੁਰੱਖਿਆ ਬਲਾਂ ਅਤੇ ਅਤਿਵਾਦੀਆਂ ਵਿਚਾਲੇ ਹੋਏ ਮੁਕਾਬਲੇ ’ਚ ਇਕ ਅਤਿਵਾਦੀ ਮਾਰਿਆ ਗਿਆ, ਜਦਕਿ ਦੋ-ਤਿੰਨ ਹੋਰ ਦਹਿਸ਼ਤਗਰਦ ਹਾਲੇ ਵੀ ਉਥੇ ਹੀ ਘਿਰੇ ਹੋਏ ਹਨ। ਅਧਿਕਾਰੀ ਨੇ ਦੱਸਿਆ ਕਿ ਅਤਿਵਾਦੀਆਂ ਦੀ ਮੌਜੂਦਗੀ ਬਾਰੇ ਸੂਚਨਾ ਮਿਲਣ ਮਗਰੋਂ ਸੀਆਰਪੀਐੱਫ ਅਤੇ ਪੁਲੀਸ ਨੇ ਸਾਂਝੇ ਤੌਰ ’ਤੇ ਅਤਿਵਾਦ ਵਿਰੋਧੀ ਮੁਹਿੰਮ ਚਲਾਈ। ਇਸ ਦੌਰਾਨ ਅਤਿਵਾਦੀਆਂ ਨੇ ਸੁਰੱਖਿਆ ਬਲਾਂ ’ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਜਵਾਬੀ ਕਾਰਵਾਈ ਵਿੱਚ ਇੱਕ ਅਤਿਵਾਦੀ ਮਾਰਿਆ ਗਿਆ। ਉਨ੍ਹਾਂ ਦੱਸਿਆ ਕਿ ਦੋ-ਤਿੰਨ ਅਤਿਵਾਦੀ ਹਾਲੇ ਉਥੇ ਘਿਰੇ ਹੋਏ ਹਨ। ਜ਼ਿਕਰਯੋਗ ਹੈ ਕਿ ਬੀਤੇ ਦਿਨ ਵੀ ਸੋਪੋਰ ਦੇ ਸਾਗੀਪੋਰਾ ਇਲਾਕੇ ’ਚ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ ’ਚ ਦੋ ਅਤਿਵਾਦੀ ਮਾਰੇ ਗਏ ਸਨ। -ਆਈਏਐੱਨਐੱਸ