ਲਖਨਊ, 1 ਨਵੰਬਰ
ਬਸਪਾ ਪ੍ਰਧਾਨ ਮਾਇਆਵਤੀ ਨੇ ਦੋਸ਼ ਲਾਇਆ ਹੈ ਕਿ ਸਮਾਜਵਾਦੀ ਪਾਰਟੀ ਤੇ ਭਾਜਪਾ ਰਲੇ ਹੋਏ ਹਨ। ਜ਼ਿਕਰਯੋਗ ਹੈ ਕਿ ਸਪਾ ਮੁਖੀ ਅਖਿਲੇਸ਼ ਯਾਦਵ ਨੇ ਹਰਦੋਈ ਵਿਚ ਸਰਦਾਰ ਵੱਲਭਭਾਈ ਪਟੇਲ ਦੇ 146ਵੇਂ ਜਨਮ ਦਿਨ ਮੌਕੇ ਉਨ੍ਹਾਂ ਦੀ ਪ੍ਰਸ਼ੰਸਾ ਕੀਤੀ ਸੀ, ਪਰ ਨਾਲ ਹੀ ਉਨ੍ਹਾਂ ਪਾਕਿਸਤਾਨ ਦੇ ਸੰਸਥਾਪਕ ਮੁਹੰਮਦ ਅਲੀ ਜਿਨਾਹ ਦੀ ਤੁਲਨਾ ਪਟੇਲ ਸਣੇ ਮਹਾਤਮਾ ਗਾਂਧੀ ਤੇ ਜਵਾਹਰ ਲਾਲ ਨਹਿਰੂ ਨਾਲ ਵੀ ਕਰ ਦਿੱਤੀ ਸੀ। ਹਿੰਦੀ ਵਿਚ ਟਵੀਟ ਕਰਦਿਆਂ ਬਹੁਜਨ ਸਮਾਜ ਪਾਰਟੀ ਦੀ ਆਗੂ ਨੇ ਦੋਸ਼ ਲਾਇਆ ਕਿ ਯਾਦਵ ਦੀ ਟਿੱਪਣੀ ਇਕ ਸੋਚੀ-ਸਮਝੀ ਰਣਨੀਤੀ ਦਾ ਹਿੱਸਾ ਹੈ। ਯਾਦਵ ਦੀ ਟਿੱਪਣੀ ਤੇ ਮਗਰੋਂ ਭਾਜਪਾ ਦਾ ਜਵਾਬ ਦਿਖਾਉਂਦਾ ਹੈ ਕਿ ਦੋਵੇਂ ਧਿਰਾਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਹਿੰਦੂਆਂ ਤੇ ਮੁਸਲਮਾਨਾਂ ਵਿਚਾਲੇ ਤਣਾਅ ਪੈਦਾ ਕਰਨ ਦੀ ਕੋਸ਼ਿਸ਼ ਵਿਚ ਹਨ। ਮਾਇਆਵਤੀ ਨੇ ਕਿਹਾ ਕਿ ਸਪਾ ਤੇ ਭਾਜਪਾ ਦੀ ਹੋਂਦ ਇਕ-ਦੂਜੇ ਉਤੇ ਨਿਰਭਰ ਹੈ ਕਿਉਂਕਿ ਦੋਵੇਂ ਪਾਰਟੀਆਂ ਜਾਤੀਵਾਦੀ ਤੇ ਫ਼ਿਰਕੂ ਹਨ। ਇਸੇ ਲਈ ਜਦ ਸਪਾ ਸੱਤਾ ਵਿਚ ਹੁੰਦੀ ਹੈ ਤਾਂ ਭਾਜਪਾ ਮਜ਼ਬੂਤ ਹੋ ਜਾਂਦੀ ਹੈ ਪਰ ਜਦੋਂ ਬਸਪਾ ਸੱਤਾ ਵਿਚ ਹੁੰਦੀ ਹੈ ਤਾਂ ਭਾਜਪਾ ਕਮਜ਼ੋਰ ਹੁੰਦੀ ਜਾਂਦੀ ਹੈ। ਇਸ ਮਾਮਲੇ ’ਤੇ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਵੀ ਅਖਿਲੇਸ਼ ਯਾਦਵ ਉਤੇ ਨਿਸ਼ਾਨਾ ਸੇਧਿਆ ਤੇ ਕਿਹਾ ਕਿ ਤਾਲਿਬਾਨੀ ਮਾਨਸਿਕਤਾ ਵਾਲੇ ਲੋਕ ਸਮਾਜ ਨੂੰ ਤੋੜਨ ਵਿਚ ਯਕੀਨ ਰੱਖਦੇ ਹਨ। ਉਨ੍ਹਾਂ ਕਿਹਾ ਕਿ ਜਿਨਾਹ ਨੇ ਮੁਲਕ ਨੂੰ ਵੰਡਿਆ ਜਦਕਿ ਸਰਦਾਰ ਪਟੇਲ ਨੇ ਦੇਸ਼ ਨੂੰ ਇਕ ਕੀਤਾ। ਯੋਗੀ ਨੇ ਕਿਹਾ ਕਿ ਅਖਿਲੇਸ਼ ਦੀ ਟਿੱਪਣੀ ਸ਼ਰਮਸਾਰ ਕਰਨ ਵਾਲੀ ਹੈ। -ਪੀਟੀਆਈ