ਲਖਨਊ/ਰਾਏਪੁਰ/ਪਟਨਾ 15 ਜੁਲਾਈ
ਮੁੱਖ ਅੰਸ਼
- ਮੁਰਮੂ ਵੱਲੋਂ ਛੱਤੀਸਗੜ੍ਹ ’ਚ ਭਾਜਪਾ ਆਗੂਆਂ ਨਾਲ ਮੁਲਾਕਾਤ
ਸਮਾਜਵਾਦੀ ਪਾਰਟੀ (ਸਪਾ) ਦੀ ਭਾਈਵਾਲ ਸੁਹੇਲਦੇਵ ਭਾਰਤੀ ਸਮਾਜ ਪਾਰਟੀ (ਸੁਭਾਸਪਾ) ਦੇ ਕੌਮੀ ਪ੍ਰਧਾਨ ਓਮ ਪ੍ਰਕਾਸ਼ ਰਾਜਭਰ ਨੇ ਰਾਸ਼ਟਰਪਤੀ ਚੋਣ ’ਚ ਐੱਨਡੀਏ ਦੀ ਉਮੀਦਵਾਰ ਦਰੋਪਦੀ ਮੁਰਮੂ ਨੂੰ ਹਮਾਇਤ ਦੇਣ ਦਾ ਐਲਾਨ ਕੀਤਾ ਹੈ। ਇਸੇ ਦੌਰਾਨ ਪਟਨਾ ਪੁੱਜੇ ਿਵਰੋਧੀ ਧਿਰ ਦੇ ਸਾਂਝੇ ਉਮੀਦਵਾਰ ਯਸ਼ਵੰਤ ਸਿਨਹਾ ਨੇ ਵੱਖ-ਵੱਖ ਪਾਰਟੀਆਂ ਦੇ ਆਗੂਆਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨਾਲ ਟੀਐੱਮਸੀ ਦੇ ਸ਼ਤਰੂਘਣ ਸਿਨਹਾ ਤੇ ਆਰਜੇਡੀ ਦੇ ਆਗੂ ਤੇਜਸਵੀ ਯਾਦਵ ਵੀ ਹਾਜ਼ਰ ਸਨ।
ਰਾਜਭਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਾਰਟੀ ਦੇ ਆਗੂਆਂ ਤੇ ਅਹੁਦੇਦਾਰਾਂ ਨਾਲ ਚਰਚਾ ਤੋਂ ਬਾਅਦ ਇਹ ਫ਼ੈਸਲਾ ਲਿਆ ਗਿਆ ਹੈ। ਅਖਿਲੇਸ਼ ਯਾਦਵ ਦੀ ਅਗਵਾਈ ਹੇਠਲੇ ਵਿਰੋਧੀ ਗੱਠਜੋੜ ’ਚ ਸ਼ਾਮਲ ਸੁਭਾਸਪਾ ਦੇ ਆਗੂ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਦਰੋਪਦੀ ਮੁਰਮੂ ਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੀ ਅਪੀਲ ’ਤੇ ਇਹ ਫ਼ੈਸਲਾ ਲਿਆ ਹੈ। ਉਨ੍ਹਾਂ ਹਾਲਾਂਕਿ ਸਪੱਸ਼ਟ ਕੀਤਾ ਕਿ ਉਨ੍ਹਾਂ ਦੀ ਪਾਰਟੀ ਦਾ ਗੱਠਜੋੜ ਕਾਇਮ ਹੈ ਅਤੇ ਉਹ ਗੱਠਜੋੜ ਤੋਂ ਵੱਖ ਨਹੀਂ ਹੋ ਰਹੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਦੇ ਸਾਰੇ ਛੇ ਵਿਧਾਇਕ ਦਰੋਪਦੀ ਮੁਰਮੂ ਨੂੰ ਵੋਟ ਪਾਉਣਗੇ। ਸਮਾਜਵਾਦੀ ਪਾਰਟੀ ਵੱਲੋਂ 7 ਜੁਲਾਈ ਨੂੰ ਵਿਰੋਧੀ ਧਿਰ ਦੇ ਉਮੀਦਵਾਰ ਯਸ਼ਵੰਤ ਸਿਨਹਾ ਬਾਰੇ ਰੱਖੀ ਮੀਟਿੰਗ ’ਚ ਨਾ ਸੱਦੇ ਜਾਣ ’ਤੇ ਵੀ ਉਨ੍ਹਾਂ ਨਾਖੁਸ਼ੀ ਜ਼ਾਹਿਰ ਕੀਤੀ। ਇਸੇ ਦੌਰਾਨ ਦਰੋਪਦੀ ਮੁਰਮੂ ਨੇ ਆਪਣੀ ਚੋਣ ਮੁਹਿੰਮ ਤਹਿਤ ਛੱਤੀਸਗੜ੍ਹ ਦੇ ਸੰਸਦ ਮੈਂਬਰਾਂ ਤੇ ਵਿਧਾਇਕਾਂ ਨਾਲ ਰਾਏਪੁਰ ’ਚ ਮੁਲਾਕਾਤ ਕੀਤੀ। -ਪੀਟੀਆਈ
ਸੰਸਦ ਮੈਂਬਰਾਂ ਲਈ ਹਰੇ ਤੇ ਵਿਧਾਇਕਾਂ ਲਈ ਗੁਲਾਬੀ ਬੈਲੇਟ ਪੇਪਰ
ਨਵੀਂ ਦਿੱਲੀ: ਰਾਸ਼ਟਰਪਤੀ ਦੀ ਚੋਣ ਲਈ 18 ਜੁਲਾਈ ਨੂੰ ਪੈਣ ਵਾਲੀਆਂ ਵੋਟਾਂ ਦੌਰਾਨ ਸੰਸਦ ਮੈਂਬਰਾਂ ਤੇ ਵਿਧਾਇਕਾਂ ਨੂੰ ਵੱਖ ਵੱਖ ਰੰਗ ਦੇ ਬੈਲੇਟ ਪੇਪਰ ਦਿੱਤੇ ਜਾਣਗੇ। ਸੰਸਦ ਮੈਂਬਰਾਂ ਨੂੰ ਹਰੇ ਰੰਗ ਜਦਕਿ ਵਿਧਾਇਕਾਂ ਨੂੰ ਗੁਲਾਬੀ ਰੰਗ ਦੇ ਬੈਲੇਟ ਪੇਪਰ ਮਿਲਣਗੇ। ਵੱਖ ਵੱਖ ਰੰਗ ਦੀਆਂ ਵੋਟ ਪਰਚੀਆਂ ਹੋਣ ਕਾਰਨ ਇਸ ਵਾਰ ਚੋਣ ਅਧਿਕਾਰੀਆਂ ਨੂੰ ਵੋਟਾਂ ਦੀ ਗਿਣਤੀ ਕਰਨ ’ਚ ਸੌਖ ਹੋਵੇਗੀ। -ਪੀਟੀਆਈ
ਯਸ਼ਵੰਤ ਸਿਨਹਾ ਨੂੰ ਵੋਟ ਦੇਵਾਂਗਾ ਪਰ ਦਿੱਲੀ ਜਾ ਕੇ: ਦੇਬੇਂਦੂ ਅਧਿਕਾਰੀ
ਕੋਲਕਾਤਾ: ਤ੍ਰਿਣਮੂਲ ਕਾਂਗਰਸ ਦੇ ਬਾਗੀ ਸੰਸਦ ਮੈਂਬਰ ਦੇਬੇਂਦੂ ਅਧਿਕਾਰੀ ਨੇ ਅੱਜ ਕਿਹਾ ਕਿ ਉਹ ਰਾਸ਼ਟਰਪਤੀ ਚੋਣ ’ਚ ਵਿਰੋਧੀ ਧਿਰ ਦੇ ਆਗੂ ਯਸ਼ਵੰਤ ਸਿਨਹਾ ਨੂੰ ਵੋਟ ਪਾਉਣਗੇ ਪਰ ਦਿੱਲੀ ਜਾ ਕੇ। ਪੱਛਮੀ ਬੰਗਾਲ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਸ਼ੁਵੇਂਦੂ ਅਧਿਕਾਰੀ ਦੇ ਛੋਟੇ ਭਰਾ ਦੇਬੇਂਦੂ ਨੇ ਕਿਹਾ ਕਿ ਉਹ ਆਪਣੀ ਪਾਰਟੀ ਟੀਐੱਮਸੀ ਦੇ ਨਿਰਦੇਸ਼ ਦਾ ਪਾਲਣ ਕਰਨਗੇ ਪਰ ਵਿਧਾਨ ਸਭਾ ਨਹੀਂ ਜਾਣਗੇ। ਉਹ ਆਪਣਾ ਵੋਟ ਪਾਉਣ ਲਈ ਨਵੀਂ ਦਿੱਲੀ ਜਾਣਗੇ। -ਪੀਟੀਆਈ