ਬੰਗਲੂਰੂ, 19 ਨਵੰਬਰ
ਅਰਬਪਤੀ ਐਲਨ ਮਸਕ ਦੀ ਕੰਪਨੀ ਸਪੇਸਐਕਸ ਨੇ ਭਾਰਤ ਦੇ ਨਵੇਂ ਸੰਚਾਰ ਸੈਟੇਲਾਈਟ ਜੀਸੈੱਟ-ਐੱਨ2 ਨੂੰ ਅਮਰੀਕਾ ਦੇ ਕੇਪ ਕੈਨਵੇਰਲ ਤੋਂ ਸਫ਼ਲਤਾਪੂਰਬਕ ਦਾਗ਼ਿਆ ਹੈ। ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੀ ਵਣਜ ਸ਼ਾਖਾ ਐੱਨਐੱਸਆਈਐੱਲ (ਨਿਊਸਪੇਸ ਇੰਡੀਆ ਲਿਮਟਿਡ) ਨੇ ਇਹ ਜਾਣਕਾਰੀ ਦਿੱਤੀ। ਐੱਨਐੱਸਆਈਐੱਲ ਨੇ ਦੱਸਿਆ ਕਿ ਇਹ ਸੰਚਾਰ ਸੈਟੇਲਾਈਟ ਪੂਰੇ ਭਾਰਤੀ ਖੇਤਰ ’ਚ ਬ੍ਰਾਡਬੈਂਡ ਸੇਵਾਵਾਂ ਅਤੇ ਜਹਾਜ਼ਾਂ ਦੀ ਉਡਾਣ ’ਚ ਕੁਨੈਕਟੀਵਿਟੀ ਨੂੰ ਵਧਾਏਗਾ। ਦੇਸ਼ ਦੀ ਪੁਲਾੜ ਏਜੰਸੀ ਦੇ ਸਿਖਰਲੇ ਵਿਗਿਆਨੀਆਂ ਅਤੇ ਸਾਬਕਾ ਮੁਖੀਆਂ ਨੇ ਦੱਸਿਆ ਕਿ ਸੈਟੇਲਾਈਟ ਦਾ ਵਜ਼ਨ ਇਸਰੋ ਦੀ ਮੌਜੂਦਾ ਲਾਂਚਿੰਗ ਸਮਰੱਥਾ ਨਾਲੋਂ ਵਧ ਹੈ, ਇਸ ਲਈ ਪੁਲਾੜ ਏਜੰਸੀ ਨੂੰ ਵਿਦੇਸ਼ੀ ਲਾਂਚ ਵਹੀਕਲ ਦੀ ਸਹਾਇਤਾ ਲੈਣੀ ਪਈ ਹੈ। ਐੱਨਐੱਸਆਈਐੱਲ ਨੇ ਦੱਸਿਆ ਕਿ ਫਾਲਕਨ 9 ਰਾਕੇਟ ਰਾਹੀਂ 4,700 ਕਿਲੋ ਵਜ਼ਨੀ ‘ਜੀਸੈਟ-ਐੱਨ2 ਹਾਈ-ਥਰੂਪੁਟ (ਐੱਚਟੀਐੱਸ) ਸੈਟੇਲਾਈਟ ਨੂੰ ਉਸ ਦੇ ਪੰਧ ’ਤੇ ਸਥਾਪਤ ਕਰ ਦਿੱਤਾ ਗਿਆ ਹੈ। ਉਨ੍ਹਾਂ ‘ਐਕਸ’ ’ਤੇ ਦੱਸਿਆ ਕਿ ਇਸਰੋ ਦੀ ਮਾਸਟਰ ਕੰਟਰੋਲ ਫੈਸੀਲਿਟੀ ਨੇ ਸੈਟੇਲਾਈਟ ਦਾ ਕੰਟਰੋਲ ਆਪਣੇ ਹੱਥਾਂ ’ਚ ਲੈ ਲਿਆ ਹੈ। ਜੀਸੈਟ-24 ਐੱਨਐੱਸਆਈਐੱਲ ਦਾ ਪਹਿਲਾ ਮੰਗ ਆਧਾਰਿਤ ਸੈਟੇਲਾਈਟ ਸੀ ਅਤੇ ਇਸ ਨੂੰ 23 ਜੂਨ, 2022 ਨੂੰ ਫਰਾਂਸ ਦੇ ਫਰੈਂਚ ਗੁਆਇਨਾ ਦੇ ਕੌਓਰੂ ਤੋਂ ਦਾਗ਼ਿਆ ਗਿਆ ਸੀ। ਜੀਸੈਟ-ਐੱਨ2 ਸੈਟੇਲਾਈਟ ਦੇ ਮਿਸ਼ਨ ਦੀ ਮਿਆਦ 14 ਸਾਲ ਹੈ ਅਤੇ ਇਹ 32 ਯੂਜ਼ਰ ਬੀਮਜ਼ ਨਾਲ ਲੈਸ ਹੈ, ਜਿਨ੍ਹਾਂ ’ਚ ਉੱਤਰ-ਪੂਰਬੀ ਖ਼ਿੱਤੇ ’ਤੇ ਅੱਠ ਸੌੜੇ ਸਪਾਟ ਬੀਮ ਅਤੇ ਬਾਕੀ ਭਾਰਤ ’ਤੇ 24 ਚੌੜੇ ਸਪਾਟ ਬੀਮ ਸ਼ਾਮਲ ਹਨ। -ਪੀਟੀਆਈ