ਨਵੀਂ ਦਿੱਲੀ: ਰੇਲ ਭਾੜੇ ਵਿੱਚ ਵਾਧੇ ਕਰਕੇ ਮੁਸਾਫ਼ਰਾਂ ਵੱਲੋਂ ਬਣਾਏ ਦਬਾਅ ਅੱਗੇ ਝੁਕਦਿਆਂ ਰੇਲਵੇ ਨੇ ਮੇਲ ਤੇ ਐਕਸਪ੍ਰੈੱਸ ਰੇਲਗੱਡੀਆਂ ਨੂੰ ਦਿੱਤਾ ‘ਸਪੈਸ਼ਲ’ ਟੈਗ ਖ਼ਤਮ ਕਰ ਦਿੱਤਾ ਹੈ। ਇਨ੍ਹਾਂ ਟਰੇਨਾਂ ਨੂੰ ਮਿਲਿਆ ਵਿਸ਼ੇਸ਼ ਰੁਤਬਾ ਖ਼ਤਮ ਹੋਣ ਨਾਲ ਮੁਸਾਫ਼ਰਾਂ ਨੂੰ ਹੁਣ ਕੋਵਿਡ ਮਹਾਮਾਰੀ ਤੋਂ ਪਹਿਲਾਂ ਵਾਲੇ ਕਿਰਾਏ ’ਤੇ ਟਿਕਟਾਂ ਮਿਲਣਗੀਆਂ। ਇਹ ਫੈਸਲਾ ਫੌਰੀ ਅਮਲ ਵਿੱਚ ਆ ਗਿਆ ਹੈ। ਕਾਬਿਲੇਗੌਰ ਹੈ ਕਿ ਕਰੋਨਾਵਾਇਰਸ ਕਰਕੇ ਆਇਦ ਤਾਲਾਬੰਦੀ ਵਿੱਚ ਖੁੱਲ੍ਹ ਦਿੱਤੇ ਜਾਣ ਮਗਰੋਂ ਰੇਲਵੇ ਵੱਲੋਂ ਸਿਰਫ਼ ਵਿਸ਼ੇਸ ਰੇਲਗੱਡੀਆਂ ਹੀ ਚਲਾਈਆਂ ਜਾ ਰਹੀਆਂ ਸਨ। ਸ਼ੁਰੂਆਤ ਵਿੱਚ ਵੱਧ ਦੂਰੀ ਵਾਲੀਆਂ ਰੇਲਗੱਡੀਆਂ ਨੂੰ ਵਿਸ਼ੇਸ਼ ਰੇਲਗੱਡੀ ਵਜੋਂ ਚਲਾਇਆ ਗਿਆ ਸੀ ਤੇ ਮਗਰੋਂ ਘੱਟ ਦੂਰੀ ਵਾਲੀਆਂ ਰੇਲਗੱਡੀਆਂ ਨੂੰ ਵੀ ਇਸ ਵਿੱਚ ਸ਼ਾਮਲ ਕਰ ਲਿਆ, ਹਾਲਾਂਕਿ ਵਿਸ਼ੇਸ਼ ਰੇਲਗੱਡੀ ਹੋਣ ਕਰਕੇ ਮੁਸਾਫ਼ਰਾਂ ਨੂੰ ‘ਥੋੜ੍ਹਾ ਵੱਧ ਕਿਰਾਇਆ/ਭਾੜਾ’ ਲਾਇਆ ਗਿਆ ਸੀ, ਤਾਂ ਕਿ ਕਰੋਨਾ ਮਹਾਮਾਰੀ ਕਰਕੇ ਉਹ ਯਾਤਰਾ ਕਰਨ ਤੋਂ ਟਾਲਾ ਵਟਣ। -ਪੀਟੀਆਈ