ਨਵੀਂ ਦਿੱਲੀ: ਸਪਾਈਸਜੈੱਟ ਜਹਾਜ਼ ਦੇ ਕੈਬਿਨ ਵਿੱਚ ਲੰਘੇ ਦਿਨੀਂ ਧੂੰਆਂ ਭਰਨ ਦੀ ਘਟਨਾ ਮਗਰੋਂ ਐਵੀਏਸ਼ਨ ਰੈਗੂਲੇਟਰ ਡੀਜੀਸੀਏ ਨੇ ਏਅਰਲਾਈਨ ਨੂੰ ਆਪਣੀ ਕਿਊ400 ਫਲੀਟ ਦੇ ਇੰਜਨ ਆਇਲ ਦੇ ਨਮੂਨਿਆਂ ਦੀ ਜਾਂਚ ਦੇ ਹੁਕਮ ਦਿੱਤੇ ਹਨ। ਰੈਗੂਲੇਟਰ ਨੇ ਕਿਹਾ ਕਿ ਜਾਂਚ ਦੌਰਾਨ ਇਸ ਗੱਲ ਦੀ ਘੋਖ ਕੀਤੀ ਜਾਵੇ ਕਿ ਕਿਤੇ ਇੰਜਨ ਆਇਲ ਵਿੱਚ ਧਾਤੂ ਤੇ ਕਾਰਬਨ ਸੀਲ ਦੇ ਕਣ ਤਾਂ ਨਹੀਂ ਹਨ। ਰੈਗੂਲੇਟਰ ਨੇ ਬਲੀਡ-ਆਫ਼ ਵਾਲਵ ਸਕਰੀਨ ਤੇ ਹੌਜ਼ਿੰਗ ਦੀ ਜਾਂਚ ਲਈ ਵੀ ਕਿਹਾ ਹੈ। ਡੀਜੀਸੀਏ ਨੇ ਹੋਰ ਨਿਰਦੇਸ਼ਾਂ ਵਿੱਚ ਏਅਰਲਾਈਨ ਨੂੰ ਸਾਰੇ ਕਿਊ400 ਜਹਾਜ਼ਾਂ ਦੇ ਇੰਜਣਾਂ ਦੀ ਇੱਕ ਹਫ਼ਤੇ ਵਿੱਚ ਬੋਰੋਸਕੋਪਿਕ ਜਾਂਚ, ਮੈਗਨੈਟਿਕ ਚਿਪ ਡਾਇਰੈਕਟਰ ਦੀ ਤੁਰੰਤ ਜਾਂਚ ਅਤੇ ਮੁਲਾਂਕਣ ਲਈ ਇੰਜਨ ਆਇਲ ਦੇ ਨਮੂਨੇ ਲੈਣ ਲਈ ਵੀ ਆਖਿਆ ਹੈ। -ਪੀਟੀਆਈ