ਨਵੀਂ ਦਿੱਲੀ, 2 ਜੁਲਾਈ
ਅੱਜ ਏਅਰਲਾਈਨ ਸਪਾਈਸ ਜੈੱਟ ਦੀ ਜਬਲਪੁਰ ਜਾ ਰਹੀ ਉਡਾਣ ਦੇ ਚਾਲਕ ਦਲ ਦੇ ਮੈਂਬਰਾਂ ਨੇ 5000 ਫੁੱਟ ਦੀ ਉਚਾਈ ‘ਤੇ ਕੈਬਿਨ ਵਿਚ ਧੂੰਆਂ ਦੇਖਿਆ, ਜਿਸ ਤੋਂ ਬਾਅਦ ਜਹਾਜ਼ ਦਿੱਲੀ ਪਰਤ ਆਇਆ।। ਸਪਾਈਸ ਜੈੱਟ ਨੇ ਇਹ ਜਾਣਕਾਰੀ ਦਿੱਤੀ। ਪਿਛਲੇ ਦੋ ਹਫ਼ਤਿਆਂ ਵਿੱਚ ਸਪਾਈਸਜੈੱਟ ਦੇ ਜਹਾਜ਼ ਵਿੱਚ ਅਜਿਹੀ ਪੰਜਵੀਂ ਘਟਨਾ ਹੈ।ਇਸ ਤੋਂ ਪਹਿਲਾਂ 19 ਜੂਨ ਨੂੰ ਪਟਨਾ ਹਵਾਈ ਅੱਡੇ ਤੋਂ ਉਡਾਣ ਭਰਨ ਤੋਂ ਤੁਰੰਤ ਬਾਅਦ ਸਪਾਈਸ ਜੈੱਟ ਦੇ ਦਿੱਲੀ ਜਾ ਰਹੇ ਜਹਾਜ਼ ਦੇ ਇੰਜਣ ਵਿੱਚ ਅੱਗ ਲੱਗ ਗਈ ਸੀ, ਜਿਸ ਤੋਂ ਕੁਝ ਮਿੰਟਾਂ ਬਾਅਦ ਹੀ ਜਹਾਜ਼ ਦੀ ਐਮਰਜੰਸੀ ਲੈਂਡਿੰਗ ਹੋਈ ਸੀ। ਜਹਾਜ਼ ਵਿੱਚ 185 ਯਾਤਰੀ ਸਵਾਰ ਸਨ ਅਤੇ ਪੰਛੀ ਦੇ ਟਕਰਾਉਣ ਕਾਰਨ ਇੰਜਣ ਫੇਲ੍ਹ ਹੋ ਗਿਆ। 19 ਜੂਨ ਨੂੰ ਜਬਲਪੁਰ ਜਾ ਰਹੀ ਫਲਾਈਟ ਨੂੰ ਕੈਬਿਨ ਵਿੱਚ ਦਬਾਅ ਦੀ ਸਮੱਸਿਆ ਕਾਰਨ ਦਿੱਲੀ ਪਰਤਣਾ ਪਿਆ। ਦੋ ਵੱਖ-ਵੱਖ ਜਹਾਜ਼ਾਂ ਨੂੰ 24 ਜੂਨ ਅਤੇ 25 ਜੂਨ ਨੂੰ ਟੇਕ-ਆਫ ਦੌਰਾਨ ਦਰਵਾਜ਼ਿਆਂ ’ਚ ਖਰਾਬੀ ਦੀ ਚੇਤਾਵਨੀ ਮਿਲਣ ਤੋਂ ਬਾਅਦ ਯਾਤਰਾ ਨੂੰ ਰੱਦ ਕਰਨਾ ਪਿਆ ਸੀ।