ਮੁੱਖ ਅੰਸ਼
- ਪ੍ਰਦਰਸ਼ਨਕਾਰੀਆਂ ਵੱਲੋਂ 13 ਜੁਲਾਈ ਨੂੰ ਕਿਸਾਨ ਮਹਾਪੰਚਾਇਤ ’ਚ ਸੰਘਰਸ਼ ਤੇਜ਼ ਕਰਨ ਦਾ ਐਲਾਨ
- ਮ੍ਰਿਤਕ ਕਿਸਾਨ ਧਰਮਪਾਲ ਦੇ ਪਰਿਵਾਰ ਲਈ ਨੌਕਰੀ ਅਤੇ ਮੁਆਵਜ਼ੇ ਦੀ ਮੰਗ
ਆਤਿਸ਼ ਗੁਪਤਾ
ਚੰਡੀਗੜ੍ਹ, 10 ਜੁਲਾਈ
ਖੇਦੜ ਥਰਮਲ ਪਾਵਰ ਪਲਾਂਟ ਦੀ ਸੁਆਹ ਚੁੱਕਣ ਦੇ ਮਾਮਲੇ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਅਤੇ ਪ੍ਰਸ਼ਾਸਨ ਵਿਚਾਲੇ ਵਿਵਾਦ ਹੋਰ ਭਖ ਗਿਆ ਹੈ। ਇਸ ਮੁੱਦੇ ’ਤੇ ਹਰਿਆਣਾ ਸਰਕਾਰ ਤੇ ਕਿਸਾਨ ਜਥੇਬੰਦੀਆਂ ਵਿਚਾਲੇ ਅੱਜ ਮੀਟਿੰਗ ਬੇਸਿੱਟਾ ਰਹੀ ਜਿਸ ਮਗਰੋਂ ਪ੍ਰਦਰਸ਼ਨਕਾਰਨੀਆਂ ਨੇ ਗ੍ਰਿਫ਼ਤਾਰ 5 ਕਿਸਾਨਾਂ ਦੀ ਰਿਹਾਈ ਅਤੇ ਹੋਰ ਮੰਗਾਂ ਮੰਨਣ ਲਈ ਪ੍ਰਸ਼ਾਸਨ ਨੂੰ 72 ਘੰਟਿਆਂ ਦਾ ਅਲਟੀਮੇਟਮ ਦਿੱਤਾ ਹੈ। ਇਸ ਮਾਮਲੇ ਨੂੰ ਲੈ ਕੇ ਸ਼ੁੱਕਰਵਾਰ ਨੂੰ ਖੇਦੜ ਵਿੱਚ ਹੋਈ ਹਿੰਸਾ ਦੌਰਾਨ ਕਿਸਾਨ ਆਗੂ ਧਰਮਪਾਲ (56) ਦੀ ਮੌਤ ਹੋ ਗਈ ਸੀ, ਜਿਸ ਸਬੰਧੀ ਪੁਲੀਸ ਨੇ 10 ਕਿਸਾਨ ਆਗੂਆਂ ਸਣੇ 700-800 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਦੂਜੇ ਪਾਸੇ ਪੁਲੀਸ ਨੇ 5 ਕਿਸਾਨ ਆਗੂਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਪੁਲੀਸ ਕਾਰਵਾਈ ਤੋਂ ਨਾਰਾਜ਼ ਕਿਸਾਨਾਂ ਨੇ ਪ੍ਰਸ਼ਾਸਨ ਖ਼ਿਲਾਫ਼ ਸੰਘਰਸ਼ ਹੋਰ ਤੇਜ਼ ਕਰ ਦਿੱਤਾ।
ਅੱਜ ਕਿਸਾਨ ਜਥੇਬੰਦੀਆਂ ਦੇ ਆਗੂਆਂ ਅਤੇ ਹਰਿਆਣਾ ਸਰਕਾਰ ਵਿਚਕਾਰ ਕਈ ਘੰਟੇ ਮੀਟਿੰਗ ਹੋਈ, ਜਿਹੜੀ ਬੇਸਿੱਟਾ ਰਹੀ। ਮੀਟਿੰਗ ਵਿੱਚ ਵਿਧਾਇਕ ਅਭੈ ਚੌਟਾਲਾ, ਭਾਰਤੀ ਕਿਸਾਨ ਯੂਨੀਅਨ (ਚੜੂਨੀ) ਦੇ ਪ੍ਰਧਾਨ ਗੁਰਨਾਮ ਸਿੰਘ ਚੜੂਨੀ, ਸਤੀਸ਼ ਕੋਟ ਅਤੇ ਅੱਧਾ ਦਰਜਨ ਤੋਂ ਵੱਧ ਖਾਪ ਪੰਚਾਇਤਾਂ ਦੇ ਪ੍ਰਧਾਨਾਂ ਨੇ ਹਿੱਸਾ ਲਿਆ। ਆਗੂਆਂ ਨੇ ਕਿਹਾ ਕਿ ਕਿਸਾਨ ਆਗੂ ਧਰਮਪਾਲ ਦੀ ਮੌਤ ਪੁਲੀਸ ਦੀ ਲਾਠੀ ਲੱਗਣ ਕਰਕੇ ਹੋਈ ਹੈ, ਜਿਸ ਕਰਕੇ ਕਿਸਾਨਾਂ ਖ਼ਿਲਾਫ਼ ਧਾਰਾ 302 ਤਹਿਤ ਕੇਸ ਦਰਜ ਕਰਨਾ ਗਲਤ ਹੈ। ਇਸ ਤੋਂ ਇਲਾਵਾ ਧਰਮਪਾਲ ਦੇ ਪੋਸਟਮਾਰਟਮ ਲਈ ਤਿਆਰ ਕੀਤੇ ਮੈਡੀਕਲ ਬੋਰਡ ਵਿੱਚ ਕਿਸਾਨ ਆਗੂਆਂ ਨੂੰ ਸ਼ਾਮਲ ਕਰਨ ਦੀ ਮੰਗ ਵੀ ਕੀਤੀ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਸਰਕਾਰ ਮੰਗਾਂ ਨਹੀਂ ਮੰਨਦੀ, ਉਸ ਸਮੇਂ ਤੱਕ ਧਰਮਪਾਲ ਦਾ ਸਸਕਾਰ ਨਹੀਂ ਕੀਤਾ ਜਾਵੇਗਾ। ਕਿਸਾਨਾਂ ਨੇ ਮੰਗ ਕੀਤੀ ਕਿ ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤੇ 5 ਕਿਸਾਨ ਆਗੂਆਂ ਨੂੰ ਰਿਹਾਅ ਕੀਤਾ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਹਰਿਆਣਾ ਪੁਲੀਸ ਨੇ 72 ਘੰਟੇ ਵਿੱਚ ਕਿਸਾਨਾਂ ਨੂੰ ਰਿਹਾਅ ਨਾ ਕੀਤਾ ਅਤੇ ਹੋਰ ਮੰਗਾਂ ਨਾ ਮੰਨੀਆਂ ਗਈਆਂ ਤਾਂ 13 ਜੁਲਾਈ ਨੂੰ ਕਿਸਾਨ ਮਹਾਪੰਚਾਇਤ ਵਿੱਚ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਕਿਸਾਨ ਆਗੂਆਂ ਨੇ ਮ੍ਰਿਤਕ ਕਿਸਾਨ ਧਰਮਪਾਲ ਦੇ ਪਰਿਵਾਰ ਦੇ ਪਰਿਵਾਰਕ ਮੈਂਬਰ ਨੂੰ ਨੌਕਰੀ ਅਤੇ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ।
ਗੌਰਤਲਬ ਹੈ ਕਿ ਇਹ ਕੇਸ ਥਾਣਾ ਬਰਵਾਲਾ ਵਿੱਚ ਆਈਪੀਸੀ ਦੀਆਂ ਧਾਰਾਵਾਂ 302, 307, 323, 332, 333, 353, 109, 120-ਬੀ, 147, 148, 186 ਤਹਿਤ ਦਰਜ ਕੀਤਾ ਗਿਆ ਹੈ। ਪੁਲੀਸ ਵੱਲੋਂ ਨਾਮਜ਼ਦ ਕੀਤੇ ਗਏ ਵਿਅਕਤੀਆਂ ਵਿੱਚ ਰਵੀ ਆਜ਼ਾਦ, ਕਾਲੀ ਰਾਮ, ਸ਼ਮਸ਼ੇਰ, ਬ੍ਰਹਮ ਪ੍ਰਕਾਸ਼ ਪ੍ਰਧਾਨ, ਰਾਮ ਨਿਵਾਸ ਦੁਦੀਆ, ਸਤਿੰਦਰ ਸ਼ਰਨ, ਮਨਦੀਪ, ਅਮਨ, ਸੁਨੀਲ ਅਤੇ ਅਨਿਲ ਬੀਸਲਾ ਸ਼ਾਮਲ ਹਨ। ਇਨ੍ਹਾਂ ਵਿੱਚੋਂ 5 ਜਣਿਆਂ ਨੂੰ ਪੁਲੀਸ ਨੇ ਗ੍ਰਿਫ਼ਤਾਰ ਵੀ ਕਰ ਲਿਆ ਹੈ। ਦੱਸਣਯੋਗ ਹੈ ਕਿ ਖੇਦੜ ਥਰਮਲ ਪਲਾਂਟ ਵਿੱਚੋਂ ਨਿਕਲਣ ਵਾਲੀ ਸੁਆਹ ਚੁੱਕਣ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਤੇ ਪ੍ਰਬੰਧਕਾਂ ਦਰਮਿਆਨ ਵਿਵਾਦ ਚੱਲ ਰਿਹਾ ਹੈ। ਕਿਸਾਨ ਤੇ ਮਜ਼ਦੂਰ ਜਥੇਬੰਦੀਆਂ ਸੁਆਹ ਮੁਫ਼ਤ ਚੁੱਕਣ ਲਈ ਬਜ਼ਿੱਦ ਹਨ, ਜਦਕਿ ਪ੍ਰਬੰਧਕਾਂ ਨੇ ਭਵਿੱਖ ਵਿੱਚ ਪਲਾਂਟ ਦੀ ਸੁਆਹ ਨੂੰ ਵੇਚਣ ਲਈ ਟੈਂਡਰ ਜਾਰੀ ਕੀਤੇ ਹਨ। ਦੱਸਣਯੋਗ ਹੈ ਕਿ ਪਲਾਂਟ ਦੀ ਸੁਆਹ ਪਹਿਲਾਂ ਮੁਫ਼ਤ ਦਿੱਤੀ ਜਾ ਰਹੀ ਸੀ ਪਰ ਹੁਣ ਇਸ ਦੀ ਵਰਤੋਂ ਸੜਕਾਂ, ਇੱਟਾਂ ਬਣਾਉਣ ਤੇ ਸੀਮਿੰਟ ਵਿੱਚ ਕੀਤੀ ਜਾ ਰਹੀ ਹੈ।