ਨਵੀਂ ਦਿੱਲੀ: ਭਾਰਤੀ ਡਰੱਗ ਰੈਗੂਲੇਟਰ ਨੇ ਕਰੋਨਾ ਤੋਂ ਬਚਾਅ ਲਈ ਰੂਸ ਵੱਲੋਂ ਤਿਆਰ ਵੈਕਸੀਨ ‘ਸਪੂਤਨਿਕ ਵੀ’ ਦੀ ਭਾਰਤ ਵਿੱਚ ਕੁਝ ਸ਼ਰਤਾਂ ਨਾਲ ਹੰਗਾਮੀ ਹਾਲਤ ’ਚ ਵਰਤੋਂ ਦੀ ਪ੍ਰਵਾਨਗੀ ਦੇ ਦਿੱਤੀ ਹੈ। ਕੇਂਦਰੀ ਸਿਹਤ ਮੰਤਰਾਲੇ ਨੇ ਇਹ ਐਲਾਨ ਕਰਦਿਆਂ ਕਿਹਾ ਕਿ ਭਾਰਤ ਵਿੱਚ ਸਪੂਤਨਿਕ ਵੈਕਸੀਨ ਦੀ ਦਰਾਮਦ ਤੇ ਵੰਡ ਡਾ.ਰੈੱਡੀ’ਜ਼ ਲੈਬਾਰਟਰੀ ਵੱਲੋਂ ਕੀਤੀ ਜਾਵੇਗੀ। ਭਾਰਤੀ ਰੂਸੀ ਵੈਕਸੀਨ ਨੂੰ ਹਰੀ ਝੰਡੀ ਦੇਣ ਵਾਲਾ 60ਵਾਂ ਮੁਲਕ ਹੈ। ਭਾਰਤੀ ਡਰੱਗ ਕੰਟਰੋਲਰ ਜਨਰਲ ਦੀ ਪ੍ਰਵਾਨਗੀ ਨਾਲ ਭਾਰਤ ਵਿੱਚ ਤੀਜੀ ਵੈਕਸੀਨ ਦੀ ਉਪਲੱਬਧਤਾ ਲਈ ਰਾਹ ਪੱਧਰਾ ਹੋ ਗਿਆ ਹੈ। ਚੇਤੇ ਰਹੇ ਕਿ ਕੇਂਦਰੀ ਡਰੱਗਜ਼ ਸਟੈਂਡਰਡ ਕੰਟੋਰਲ ਸੰਸਥਾ (ਸੀਡੀਐੱਸਸੀਓ) ਦੀ ਕੋਵਿਡ-19 ਬਾਰੇ ਵਿਸ਼ਾ ਮਾਹਿਰ ਕਮੇਟੀ (ਐੱਸਈਸੀ) ਨੇ ਲੰਘੇ ਦਿਨ ਸਪੂਤਨਿਕ ਵੈਕਸੀਨ ਨੂੰ ਕੁਝ ਸ਼ਰਤਾਂ ਤਹਿਤ ਸੀਮਤ ਹੰਗਾਮੀ ਵਰਤੋਂ ਦੀ ਖੁੱਲ੍ਹ ਦੇਣ ਬਾਰੇ ਸਿਫਾਰਿਸ਼ ਕੀਤੀ ਸੀ। ਇਸ ਤੋਂ ਪਹਿਲਾਂ ਡੀਸੀਜੀਆਈ ਨੇ ਜਨਵਰੀ ਮਹੀਨੇ ਭਾਰਤ ਬਾਇਓਟੈੱਕ ਦੀ ‘ਕੋਵੈਕਸੀਨ’ ਤੇ ਆਕਸਫੋਰਡ-ਐਸਟਰਾਜ਼ੈਨੇਕਾ ਦੀ ‘ਕੋਵੀਸ਼ੀਲਡ’(ਜਿਸ ਦਾ ਉਤਪਾਦਨ ਪੁਣੇ ਅਧਾਰਿਤ ਭਾਰਤੀ ਸੀਰਮ ਇੰਸਟੀਚਿਊਟ ਵੱਲੋਂ ਕੀਤਾ ਜਾ ਰਿਹਾ ਹੈ) ਦੀ ਹੰਗਾਮੀ ਹਾਲਤ ’ਚ ਵਰਤੋਂ ਨੂੰ ਪ੍ਰਵਾਨਗੀ ਦਿੱਤੀ ਸੀ। ਸਪੂਤਨਿਕ ਵੈਕਸੀਨ ਤਿੰਨ ਗੇੜਾਂ ਦੇ ਟਰਾਇਲਾਂ ਵਿੱਚ ਕੋਵਿਡ-19 ਦੀ ਲਾਗ ਖ਼ਿਲਾਫ਼ 91.6 ਫੀਸਦ ਅਸਰਦਾਰ ਸਾਬਤ ਹੋਈ ਸੀ ਤੇ ਇਹ ਅੰਕੜਾ ਰੂਸ ਵਿੱਚ 19,866 ਵਲੰਟੀਅਰਾਂ ’ਤੇ ਕੀਤੇ ਤਜਰਬਿਆਂ ਉੱਤੇ ਅਧਾਰਿਤ ਹੈ। ਰਸ਼ੀਅਨ ਡਾਇਰੈਕਟ ਇਨਫੈਸਟਮੈਂਟ ਫੰਡ (ਆਰਆਈਡੀਐੱਫ) ਤੇ ਹੈਦਰਾਬਾਦ ਆਧਾਰਿਤ ਡਾ.ਰੈੱਡੀਜ਼ ਲੈਬਾਰਟਰੀਜ਼ (ਡੀਆਰਐੱਲ) ਦਰਮਿਆਨ ਹੋਏ ਕਰਾਰ ਤਹਿਤ ਡੀਸੀਜੀਆਈ ਦੀ ਪ੍ਰਵਾਨਗੀ ਮਗਰੋਂ ਭਾਰਤ ਨੂੰ ਸਪੂਤਨਿਕ ਵੈਕਸੀਨ ਦੀਆਂ 20 ਕਰੋੜ ਖੁਰਾਕਾਂ ਸਪਲਾਈ ਕੀਤੇ ਜਾਣ ਦੀ ਸੰਭਾਵਨਾ ਹੈ। ਆਰਡੀਆਈਐੱਫ ਨੇ ਕਿਹਾ ਕਿ ਉਹ ਭਾਰਤ ਵਿੱਚ ਸਾਲਾਨਾ ਸਪੂਤਨਿਕ ਵੈਕਸੀਨ ਦੀਆਂ 85 ਕਰੋੜ ਤੋਂ ਵੱਧ ਖੁਰਾਕਾਂ ਤਿਆਰ ਕਰੇਗਾ। ਆਰਡੀਆਈਐੱਫ ਮੁਤਾਬਕ ਸਪੂਤਨਿਕ ਵੈਕਸੀਨ ਦੀ ਇਕ ਖੁਰਾਕ ਦੀ ਕੀਮਤ 10 ਅਮਰੀਕੀ ਡਾਲਰ ਤੋਂ ਘੱਟ ਹੋਵੇਗੀ ਤੇ ਇਸ ਨੂੰ ਸਟੋਰ ਕਰਨ ਲਈ ਕਿਸੇ ਵੱਡੇ ਕੋਲਡ ਚੇਨ ਢਾਂਚੇ ਦੀ ਲੋੜ ਨਹੀਂ ਤੇ ਵੈਕਸੀਨ ਨੂੰ ਰਵਾਇਤੀ ਫਰਿੱਜ ਵਿੱਚ ਵੀ ਸਟੋਰ ਕੀਤਾ ਜਾ ਸਕਦਾ ਹੈ। ਦੱਸਣਾ ਬਣਦਾ ਹੈ ਕਿ ਸਪੂਤਨਿਕ ਵੈਕਸੀਨ ਤਰਲ ਤੇ ਪਾਊਡਰ ਦੋਵਾਂ ਰੂਪਾਂ ਵਿੱਚ ਉਪਲਬਧ ਹੋਵੇਗੀ। ਸਪੂਤਨਿਕ ਵੈਕਸੀਨ ਦੀ 0.5 ਐੱਮਐੱਲ ਦੀ ਪਹਿਲੀ ਖੁਰਾਕ ਲੈਣ ਮਗਰੋਂ ਦੂਜੀ ਖੁਰਾਕ 21 ਦਿਨਾਂ ਦੇ ਵਕਫ਼ੇ ਮਗਰੋਂ ਲੱਗੇਗੀ। ਵੈਕਸੀਨ ਨੂੰ ਮਨਫ਼ੀ 18 ਡਿਗਰੀ ਤਾਪਮਾਨ ’ਤੇ ਸਟੋਰ ਕਰਨਾ ਹੋਵੇਗਾ। ਵੈਕਸੀਨ ਦੇ ਦੋ ਭਾਗ ਹੋਣਗੇ, ਜਿਨ੍ਹਾਂ ਦੀ ਅਦਲਾ ਬਦਲੀ ਨਹੀਂ ਕੀਤੀ ਜਾ ਸਕੇਗੀ। ਉਂਜ ਸੂਤਰਾਂ ਦੀ ਮੰਨੀਏ ਤਾਂ ਰੂਸੀ ਵੈਕਸੀਨ ਦੇ ਭਾਰਤ ਵਿੱਚ ਮੌਜੂਦਾ ਵਿੱਤੀ ਵਰ੍ਹੇ ਦੀ ਚੌਥੀ ਤਿਮਾਹੀ ’ਚ ਉਪਲੱਬਧ ਹੋਣ ਦੇ ਆਸਾਰ ਹਨ। -ਪੀਟੀਆਈ