ਸ੍ਰੀਨਗਰ, 25 ਮਈ
ਜੇਕੇਐਲਐਫ ਦੇ ਚੇਅਰਮੈਨ ਯਾਸੀਨ ਮਲਿਕ ਨੂੰ ਹੋਈ ਸਜ਼ਾ ਤੋਂ ਬਾਅਦ ਅੱਜ ਇੱਥੇ ਉਨ੍ਹਾਂ ਦੇ ਸਮਰਥਕਾਂ ਤੇ ਸੁਰੱਖਿਆ ਬਲਾਂ ਵਿਚਾਲੇ ਝੜਪਾਂ ਹੋਈਆਂ। ਪ੍ਰਸ਼ਾਸਨ ਨੇ ਇਹਤਿਆਤ ਵਜੋਂ ਕਸ਼ਮੀਰ ’ਚ ਮੋਬਾਈਲ ਇੰਟਰਨੈੱਟ ਸੇਵਾ ਮੁਅੱਤਲ ਕਰ ਦਿੱਤੀ ਹੈ। ਵੇਰਵਿਆਂ ਮੁਤਾਬਕ ਇਹ ਟਕਰਾਅ ਮੈਸੁਮਾ ਇਲਾਕੇ ਵਿਚ ਹੋਇਆ ਹਾਲਾਂਕਿ ਸਜ਼ਾ ਬਾਰੇ ਫ਼ੈਸਲਾ ਆਉਣ ਤੋਂ ਪਹਿਲਾਂ ਸ੍ਰੀਨਗਰ ਦੇ ਕਈ ਹਿੱਸੇ ਬੰਦ ਹੋ ਗਏ ਸਨ। ਵੱਡੀ ਗਿਣਤੀ ਲੋਕ ਜਿਨ੍ਹਾਂ ਵਿਚ ਕਈ ਔਰਤਾਂ ਵੀ ਸ਼ਾਮਲ ਸਨ, ਅੱਜ ਮਲਿਕ ਦੀ ਮੈਸੁਮਾ ਸਥਿਤ ਰਿਹਾਇਸ਼ ’ਤੇ ਇਕੱਠੇ ਹੋ ਗਏ। ਇਹ ਥਾਂ ਸ਼ਹਿਰ ਦੇ ਲਾਲ ਚੌਕ ਇਲਾਕੇ ਤੋਂ ਥੋੜ੍ਹੀ ਹੀ ਦੂਰ ਹੈ। ਉਨ੍ਹਾਂ ਵੱਖਵਾਦੀ ਆਗੂ ਦੀ ਹਮਾਇਤ ਵਿਚ ਨਾਅਰੇਬਾਜ਼ੀ ਵੀ ਕੀਤੀ। ਇਸ ਦੌਰਾਨ ਇਕ ਰੋਸ ਮਾਰਚ ਵੀ ਕੱਢਿਆ ਗਿਆ। ਇਸੇ ਦੌਰਾਨ ਜਦ ਮੁਜ਼ਾਹਰਾਕਾਰੀਆਂ ਨੇ ਮੈਸੁਮਾ ਚੌਕ ਵੱਲ ਵਧਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਦਾ ਸੁਰੱਖਿਆ ਬਲਾਂ ਨਾਲ ਟਕਰਾਅ ਹੋਇਆ। ਕੁਝ ਮੁਜ਼ਾਹਰਾਕਾਰੀਆਂ ਨੇ ਸੁਰੱਖਿਆ ਬਲਾਂ ਉਤੇ ਪੱਥਰ ਸੁੱਟੇ। ਜਵਾਬੀ ਕਾਰਵਾਈ ਵਿਚ ਸੁਰੱਖਿਆ ਬਲਾਂ ਨੇ ਭੀੜ ਨੂੰ ਖਿੰਡਾਉਣ ਲਈ ਅੱਥਰੂ ਗੈਸ ਦੀ ਵਰਤੋਂ ਕੀਤੀ। ਵੇਰਵਿਆਂ ਮੁਤਾਬਕ ਟਕਰਾਅ ’ਚ ਕੋਈ ਜ਼ਖ਼ਮੀ ਨਹੀਂ ਹੋਇਆ ਹੈ। ਮੈਸੁਮਾ ਤੇ ਨੇੜਲੇ ਖੇਤਰਾਂ ਵਿਚ ਅੱਜ ਸਾਰੀਆਂ ਦੁਕਾਨਾਂ ਬੰਦ ਸਨ।
ਲਾਲ ਚੌਕ ਵਿਚ ਵੀ ਕੁਝ ਦੁਕਾਨਾਂ ਬੰਦ ਸਨ। ਇਸ ਤੋਂ ਇਲਾਵਾ ਸ਼ਹਿਰ ਦੇ ਪੁਰਾਣੇ ਹਿੱਸੇ ਵਿਚ ਵੀ ਕੁਝ ਇਲਾਕਿਆਂ ’ਚ ਦੁਕਾਨਾਂ ਬੰਦ ਸਨ। ਕਾਨੂੰਨ-ਵਿਵਸਥਾ ਬਣਾਏ ਰੱਖਣ ਲਈ ਸ਼ਹਿਰ ’ਚ ਵੱਡੀ ਗਿਣਤੀ ਸੁਰੱਖਿਆ ਕਰਮੀ ਤਾਇਨਾਤ ਕੀਤੇ ਗਏ ਸਨ। -ਪੀਟੀਆਈ