ਨਵੀਂ ਦਿੱਲੀ, 26 ਅਕਤੂਬਰ
ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਅੱਜ ਅਹੁਦਾ ਛੱਡ ਰਹੇ ਚੀਨੀ ਰਾਜਦੂਤ ਸੁਨ ਵੇਈਡੌਂਗ ਨੂੰ ਕਿਹਾ ਕਿ ਭਾਰਤ ਤੇ ਚੀਨ ਦਰਮਿਆਨ ਸੁਖਾਵੇਂ ਰਿਸ਼ਤਿਆਂ ਲਈ ਸਰਹੱਦੀ ਖੇਤਰਾਂ ਵਿਚ ਸ਼ਾਂਤੀ ਤੇ ਸਥਿਰਤਾ ਅਹਿਮ ਹੈ। ਚੀਨੀ ਰਾਜਦੂਤ ਨੇ ਅੱਜ ਜੈਸ਼ੰਕਰ ਨਾਲ ਮੁਲਾਕਾਤ ਕੀਤੀ। ਜ਼ਿਕਰਯੋਗ ਹੈ ਕਿ ਭਾਰਤ-ਚੀਨ ਵਿਚਾਲੇ ਜੂਨ 2020 ਤੋਂ ਲੱਦਾਖ ਇਲਾਕੇ ’ਚ ਤਣਾਅ ਬਣਿਆ ਹੋਇਆ ਹੈ। ਜੈਸ਼ੰਕਰ ਨੇ ਰਾਜਦੂਤ ਵੇਈਡੌਂਗ ਨੂੰ ਵਿਦਾਈ ਦੇਣ ਤੋਂ ਬਾਅਦ ਟਵੀਟ ਵੀ ਕੀਤਾ। ਉਨ੍ਹਾਂ ਕਿਹਾ ਕਿ ਭਾਰਤ-ਚੀਨ ਦੇ ਰਿਸ਼ਤਿਆਂ ਨੂੰ ਆਮ ਵਾਂਗ ਕਰਨ ਲਈ ਸਰਹੱਦੀ ਇਲਾਕਿਆਂ ’ਚ ਸ਼ਾਂਤੀ ਬਹਾਲੀ ਮਹੱਤਵਪੂਰਨ ਹੈ ਤੇ ਇਹ ਦੋਵੇਂ ਮੁਲਕਾਂ, ਏਸ਼ੀਆ ਤੇ ਵਿਸ਼ਵ ਦੇ ਹਿੱਤ ਵਿਚ ਵੀ ਹੈ। ਭਾਰਤ ਜ਼ੋਰ ਦੇ ਕੇ ਲਗਾਤਾਰ ਕਹਿ ਰਿਹਾ ਹੈ ਕਿ ਚੀਨ ਨਾਲ ਚੰਗੇ ਰਿਸ਼ਤਿਆਂ ਲਈ ਆਪਸੀ ਸੰਵੇਦਨਸ਼ੀਲਤਾ, ਸਤਿਕਾਰ ਤੇ ਸਾਂਝੇ ਹਿੱਤ ਮਹੱਤਵਪੂਰਨ ਹਨ। ਜ਼ਿਕਰਯੋਗ ਹੈ ਕਿ ਭਾਰਤ ਤੇ ਚੀਨ ਦੇ ਫ਼ੌਜੀ ਅਧਿਕਾਰੀਆਂ ਨੇ ਪਿਛਲੇ ਮਹੀਨੇ ਗੋਗਰਾ-ਹੌਟਸਪਰਿੰਗਜ਼ ਇਲਾਕੇ ਵਿਚ ਪੀਪੀ-15 ਪੁਆਇੰਟ ਤੋਂ ਫ਼ੌਜ ਨੂੰ ਸੱਦਣ ਬਾਰੇ ਗੱਲਬਾਤ ਕੀਤੀ ਸੀ। ਜਦਕਿ ਦੇਪਸਾਂਗ ਤੇ ਡੈਮਚੋਕ ਖੇਤਰਾਂ ਦਾ ਵਿਵਾਦ ਹਾਲੇ ਹੱਲ ਨਹੀਂ ਹੋ ਸਕਿਆ ਹੈ। ਦੋਵਾਂ ਮੁਲਕਾਂ ਵਿਚਾਲੇ ਸਰਹੱਦੀ ਵਿਵਾਦ ਨੂੰ ਹੱਲ ਕਰਨ ਲਈ ਫ਼ੌਜੀ ਤੇ ਕੂਟਨੀਤਕ ਪੱਧਰ ਉਤੇ ਕਈ ਮੀਟਿੰਗਾਂ ਹੋ ਚੁੱਕੀਆਂ ਹਨ। -ਪੀਟੀਆਈ