ਮੁੰਬਈ: ਬੰਬੇ ਹਾਈ ਕੋਰਟ ਨੇ ਐਲਗਾਰ ਪ੍ਰੀਸ਼ਦ-ਮਾਓਵਾਦੀ ਸਬੰਧ ਕੇਸ ਦੇ ਮੁਲਜ਼ਮ ਕਾਰਕੁਨ ਸਟੈਨ ਸਵਾਮੀ ਨੂੰ 6 ਜੁਲਾਈ ਤੱਕ ਇੱਥੋਂ ਦੇ ਪ੍ਰਾਈਵੇਟ ਹਸਪਤਾਲ ’ਚ ਰੱਖਣ ਦੀ ਮਨਜ਼ੂਰੀ ਦੇ ਦਿੱਤੀ ਹੈ। ਸੀਨੀਅਰ ਵਕੀਲ ਮਿਹਿਰ ਦੇਸਾਈ ਨੇ ਅਦਾਲਤ ਦੇ ਬੈਂਚ ਨੂੰ ਦੱਸਿਆ ਕਿ 84 ਸਾਲਾ ਸਵਾਮੀ ਅਜੇ ਵੀ ਹਸਪਤਾਲ ਦੇ ਆਈਸੀਯੂ ਵਿਚ ਹਨ। ਉਨ੍ਹਾਂ ਨੂੰ ਹਾਈ ਕੋਰਟ ਦੇ ਹੁਕਮਾਂ ਉਤੇ 28 ਮਈ ਨੂੰ ਤਾਲੋਜਾ ਜੇਲ੍ਹ ਤੋਂ ਲਿਆ ਕੇ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਸਵਾਮੀ ਨੂੰ ਕਈ ਰੋਗ ਹਨ। ਉਨ੍ਹਾਂ ਆਪਣੇ ਵਕੀਲ ਰਾਹੀਂ ਇਸੇ ਸਾਲ ਖਰਾਬ ਸਿਹਤ ਦਾ ਹਵਾਲਾ ਦੇ ਕੇ ਅੰਤ੍ਰਿਮ ਜ਼ਮਾਨਤ ਮੰਗੀ ਸੀ ਤਾਂ ਕਿ ਇਲਾਜ ਕਰਵਾਇਆ ਜਾ ਸਕੇ। ਪਿਛਲੇ ਮਹੀਨੇ ਉਹ ਹਸਪਤਾਲ ਵਿਚ ਕਰੋਨਾਵਾਇਰਸ ਪਾਜ਼ੇਟਿਵ ਪਾਏ ਗਏ ਸਨ ਤੇ ਉਨ੍ਹਾਂ ਨੂੰ ਆਈਸੀਯੂ ਵਿਚ ਤਬਦੀਲ ਕੀਤਾ ਗਿਆ ਸੀ।
ਸਵਾਮੀ ਨੇ ਯੂਏਪੀਏ ਦੀ ਤਜਵੀਜ਼ ਨੂੰ ਹਾਈ ਕੋਰਟ ’ਚ ਚੁਣੌਤੀ ਦਿੱਤੀ: ਇਸੇ ਦੌਰਾਨ ਸਵਾਮੀ ਨੇ ਸਖ਼ਤ ਯੂਏਪੀਏ ਕਾਨੂੰਨ ਦੀ ਜ਼ਮਾਨਤ ਬਾਰੇ ਤਜਵੀਜ਼ ਨੂੰ ਬੰਬੇ ਹਾਈ ਕੋਰਟ ਵਿਚ ਚੁਣੌਤੀ ਦਿੱਤੀ ਹੈ। ਉਨ੍ਹਾਂ ਕਿਹਾ ਹੈ ਕਿ ਇਹ ਤਜਵੀਜ਼ ਮੁਲਜ਼ਮਾਂ ਲਈ ‘ਕਦੇ ਵੀ ਦੂਰ ਨਾ ਕੀਤੇ ਜਾ ਸਕਣ ਵਾਲੇ’ ਅੜਿੱਕੇ ਖੜ੍ਹੀ ਕਰਦੀ ਹੈ। ਸਵਾਮੀ ਨੇ ਕਿਹਾ ਕਿ ਯੂਏਪੀਏ ਦੀ ਧਾਰਾ 43ਡੀ (5) ਵਿਅਕਤੀ ਦੇ ਬੁਨਿਆਦੀ ਹੱਕਾਂ ਦੀ ਉਲੰਘਣਾ ਹੈ। -ਪੀਟੀਆਈ