ਮੁੰਬਈ, 5 ਜੁਲਾਈ
ਕਬਾਇਲੀ ਲੋਕਾਂ ਦੇ ਹੱਕਾਂ ਬਾਰੇ ਕਾਰਕੁਨ ਤੇ ਐਲਗਰ ਪ੍ਰੀਸ਼ਦ-ਮਾਓਵਾਦੀ ਲਿੰਕ ਕੇਸ ’ਚ ਮੁਲਜ਼ਮ ਵਜੋਂ ਨਾਮਜ਼ਦ ਸਟੈਨ ਸਵਾਮੀ ਦੇ ਵਕੀਲ ਮਿਹਿਰ ਦੇਸਾਈ ਨੇ ਅੱਜ ਕਿਹਾ ਕਿ ਉਸ ਦੇ ਮੁਵੱਕਿਲ ਦੀ ਹਾਲਤ ਨਾਜ਼ੁਕ ਹੈ, ਜਿਸ ਕਰਕੇ ਉਹ ਮੈਡੀਕਲ ਆਧਾਰ ’ਤੇ ਜ਼ਮਾਨਤ ਅਰਜ਼ੀ ਲਈ ਹਾਈ ਕੋਰਟ ਤੱਕ ਪਹੁੰਚ ਨਹੀਂ ਕਰ ਸਕਦਾ। ਸਵਾਮੀ ਦੇ ਵਕੀਲ ਨੇ ਕਿਹਾ ਕਿ ਐਤਵਾਰ ਰਾਤ ਤੱਕ 84 ਸਾਲ ਈਸਾਈ ਪਾਦਰੀ ਵੈਂਟੀਲੇਟਰ ਸਪੋਰਟ ’ਤੇ ਸੀ। ਚੇਤੇ ਰਹੇ ਕਿ ਕੋਰਟ ਦੇ ਹੁਕਮਾਂ ’ਤੇ ਸਵਾਮੀ ਹੋਲੀ ਫੈਮਿਲੀ ਹਸਪਤਾਲ ’ਚ ਜ਼ੇਰੇ ਇਲਾਜ ਹੈ ਤੇ ਹਸਪਤਾਲ ਦਾ ਸਾਰਾ ਖਰਚਾ ਉਸ ਦੇ ਦੋਸਤਾਂ ਮਿੱਤਰਾਂ ਤੇ ਸਹਾਇਕਾਂ ਵੱਲੋਂ ਚੁੱਕਿਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਦੇਸਾਈ ਨੇ ਸ਼ਨਿੱਚਰਵਾਰ ਨੂੰ ਜਸਟਿਸ ਐੱਸ.ਐੱਸ.ਸ਼ਿੰਦੇ ਤੇ ਐੱਨ.ਜੇ.ਜਮਾਦਰ ਦੇ ਬੈਂਚ ਨੂੰ ਦੱਸਿਆ ਸੀ ਕਿ ਸਵਾਮੀ ਦੀ ਸਿਹਤ ਨਾਜ਼ੁਕ ਹੈ ਤੇ ਉਹ ਅਜੇ ਵੀ ਹਸਪਤਾਲ ਦੇ ਆਈਸੀਯੂ ਵਿੱਚ ਹੈ। ਬੈਂਚ ਨੇ ਲੰਘੇ ਮੰਗਲਵਾਰ ਨੂੰ ਸਵਾਮੀ ਦੀ ਮੈਡੀਕਲ ਅਧਾਰ ’ਤੇ ਜ਼ਮਾਨਤ ਅਰਜ਼ੀ ’ਤੇ ਸੁਣਵਾਈ ਨੂੰ ਅੱਗੇ ਪਾਉਂਦਿਆਂ ਉਦੋਂ ਤੱਕ ਉਸ ਨੂੰ ਹਸਪਤਾਲ ’ਚ ਹੀ ਰੱਖੇ ਜਾਣ ਦੀ ਹਦਾਇਤ ਕੀਤੀ ਸੀ। -ਪੀਟੀਆਈ