ਮੁੰਬਈ, 30 ਮਈ
ਐਲਗਾਰ ਪਰਿਸ਼ਦ ਕੇਸ ਵਿਚ ਕਥਿਤ ਸ਼ਮੂਲੀਅਤ ਦੇ ਦੋਸ਼ਾਂ ਹੇਠ ਤਾਲੋਜਾ ਜੇਲ੍ਹ ਵਿਚ ਬੰਦ ਸਟੈਨ ਸਵਾਮੀ (84) ਨੂੰ ਕਰੋਨਾਵਾਇਰਸ ਪਾਜ਼ੇਟਿਵ ਪਾਇਆ ਗਿਆ ਹੈ। ਬੰਬੇ ਹਾਈ ਕੋਰਟ ਨੇ ਸ਼ੁੱਕਰਵਾਰ ਨੂੰ ਜੇਲ੍ਹ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਸਨ ਕਿ ਉਨ੍ਹਾਂ ਨੂੰ ਨਵੀਂ ਮੁੰਬਈ ਦੀ ਤਾਲੋਜਾ ਜੇਲ੍ਹ ਵਿਚੋਂ ਤਬਦੀਲ ਕਰ ਕੇ 15 ਦਿਨਾਂ ਲਈ ਬਾਂਦਰਾ ਦੇ ਪ੍ਰਾਈਵੇਟ ਹੋਲੀ ਫੈਮਿਲੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਜਾਵੇ। ਇਸ ਮਗਰੋਂ ਉਨ੍ਹਾਂ ਨੂੰ ਸ਼ੁੱਕਰਵਾਰ ਰਾਤ ਨੂੰ ਹਸਪਤਾਲ ਵਿਚ ਦਾਖ਼ਲ ਕਰਵਾ ਦਿੱਤਾ ਗਿਆ ਸੀ ਜਿੱਥੇ ਉਨ੍ਹਾਂ ਨੂੰ ਆਈਸੀਯੂ ਵਿਚ ਆਕਸੀਜਨ ਲਗਾਈ ਗਈ ਸੀ। ਉਨ੍ਹਾਂ ਦਾ ਕਰੋਨਾਵਾਇਰਸ ਦਾ ਟੈਸਟ ਕੀਤੇ ਜਾਣ ’ਤੇ ਉਹ ਪਾਜ਼ੇਟਿਵ ਪਾਏ ਗਏ ਸਨ। ਤਾਲੋਜਾ ਜੇਲ੍ਹ ਵਿਚ ਸਟੈਨ ਸਵਾਮੀ ਨਾਲ ਬੰਦ ਸਹਿ ਮੁਲਜ਼ਮ ਅਰੁਣ ਪਰੇਰਾ ਸਮੇਤ ਦੋ ਵਿਅਕਤੀਆਂ ਦੇ ਵੀ ਕਰੋਨਾ ਟੈਸਟ ਕੀਤੇ ਗਏ ਪਰ ਉਨ੍ਹਾਂ ਦੀ ਰਿਪੋਰਟ ਨੈਗੇਟਿਵ ਆਈ। ਜੇਲ੍ਹ ਅਧਿਕਾਰੀ ਮੁਤਾਬਕ ਸਵਾਮੀ ਨੂੰ 18 ਮਈ ਨੂੰ ਕੈਂਪ ਦੌਰਾਨ ਕੋਵਿਡ ਤੋਂ ਬਚਾਅ ਲਈ ਟੀਕਾ ਲਗਾਇਆ ਗਿਆ ਸੀ। -ਏਜੰਸੀ