ਮੁੰਬਈ, 23 ਜੁਲਾਈ
ਸੀਨੀਅਰ ਵਕੀਲ ਮਿਹਿਰ ਦੇਸਾਈ ਨੇ ਬੰਬੇ ਹਾਈ ਕੋਰਟ ਨੂੰ ਬੇਨਤੀ ਕੀਤੀ ਹੈ ਕਿ ਉਹ ਆਪਣੇ ਵਿਸ਼ੇਸ਼ ਅਧਿਕਾਰਾਂ ਦੀ ਵਰਤੋਂ ਕਰਦਿਆਂ ਐਲਗਾਰ ਪਰਿਸ਼ਦ-ਮਾਓਵਾਦੀ ਸਬੰਧਾਂ ਦੇ ਮਾਮਲੇ ’ਚ ਮਰਹੂਮ ਸਟੈਨ ਸਵਾਮੀ ਦੀ ਮੌਤ ਦੀ ਮੈਜਿਸਟਰੇਟੀ ਜਾਂਚ ਦੀ ਨਿਗਰਾਨੀ ਕਰੇ। ਸਟੈਨ ਸਵਾਮੀ ਦਾ 5 ਜੁਲਾਈ ਨੂੰ ਸ਼ਹਿਰ ਦੇ ਨਿੱਜੀ ਹਸਪਤਾਲ ’ਚ ਇਲਾਜ ਦੌਰਾਨ ਦੇਹਾਂਤ ਹੋ ਗਿਆ ਸੀ। ਹਾਈ ਕੋਰਟ ਦੇ ਨਿਰਦੇਸ਼ਾਂ ’ਤੇ ਸਟੈਨ ਸਵਾਮੀ ਨੂੰ ਤਲੋਜਾ ਜੇਲ੍ਹ ਤੋਂ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਸੀ। ਵਕੀਲ ਨੇ ਕਿਹਾ ਕਿ ਸਮਾਜਿਕ ਕਾਰਕੁਨ ਦਾ ਦੇਹਾਂਤ ਹੋ ਚੁੱਕਾ ਹੈ ਅਤੇ ਹੁਣ ਉਨ੍ਹਾਂ ਨੂੰ ਜ਼ਮਾਨਤ ਦਿੱਤੇ ਜਾਣ ਦਾ ਕੋਈ ਸਵਾਲ ਪੈਦਾ ਨਹੀਂ ਹੁੰਦਾ ਹੈ। ਇਸ ਕਰਕੇ ਉਨ੍ਹਾਂ ਦੀ ਜ਼ਮਾਨਤ ਦੀ ਬਕਾਇਆ ਪਟੀਸ਼ਨ ’ਤੇ ਵਿਚਾਰ ਕਰਨ ਦੀ ਲੋੜ ਨਹੀਂ ਹੈ।
ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਦੇ ਅਜਿਹੇ ਫ਼ੈਸਲੇ ਹਨ ਜਿਨ੍ਹਾਂ ’ਚ ਕਿਹਾ ਗਿਆ ਹੈ ਕਿ ਹਾਈ ਕੋਰਟ ‘ਆਪਣੀਆਂ ਵਿਸ਼ੇਸ਼ ਤਾਕਤਾਂ’ ਦੀ ਵਰਤੋਂ ਕਰ ਸਕਦਾ ਹੈ ਜਾਂ ਅਜਿਹੇ ਅਰਜ਼ੀਕਾਰਾਂ ਲਈ ਮਾਪਿਆ ਵਜੋਂ ਭੂਮਿਕਾ ਨਿਭਾਅ ਸਕਦਾ ਹੈ ਜੋ ਖੁਦ ਫ਼ੈਸਲੇ ਲੈਣ ਦੀ ਹਾਲਤ ’ਚ ਨਹੀਂ ਹਨ। ਵਕੀਲ ਨੇ ਸੀਆਰਪੀਸੀ ਦੀ ਧਾਰਾ 176 ਤਹਿਤ ਹਾਈ ਕੋਰਟ ਨੂੰ ਸਵਾਮੀ ਦੇ ਸਹਿਯੋਗੀ ਪਾਦਰੀ ਫਰੇਜ਼ਰ ਮਸਕਰੈਨਹਸ ਨੂੰ ਜਾਂਚ ’ਚ ਸ਼ਾਮਲ ਹੋਣ ਦੀ ਇਜਾਜ਼ਤ ਦੇਣ ਦੀ ਬੇਨਤੀ ਕੀਤੀ ਹੈ। ਉਨ੍ਹਾਂ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਇਸ ਮਾਮਲੇ ਦੀ ਜਾਂਚ ਕਰਨ। ਇਸ ਮਾਮਲੇ ਦੀ ਅਗਲੀ ਸੁਣਵਾਈ 4 ਅਗਸਤ ਨੂੰ ਹੋਵੇਗੀ। -ਪੀਟੀਆਈ