ਨਵੀਂ ਦਿੱਲੀ, 13 ਨਵੰਬਰ
ਸੁਪਰੀਮ ਕੋਰਟ ਨੇ ਨੈਸ਼ਨਲਿਸਟ ਕਾਂਗਰਸ ਪਾਰਟੀ (ਐੱਨਸੀਪੀ) ਦੇ ਅਜੀਤ ਪਵਾਰ ਦੀ ਅਗਵਾਈ ਵਾਲੇ ਧੜੇ ਨੂੰ ਬੁਧਵਾਰ ਨੂੰ ਕਿਹਾ ਕਿ ਉਹ ਪਾਰਟੀ ਦੇ ਬਾਨੀ ਤੇ ਬਜ਼ੁਰਗ ਨੇਤਾ ਸ਼ਰਦ ਪਵਾਰ ਦੀ ਤਸਵੀਰ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਲਈ ਆਪਣੇ ਸਿਆਸੀ ਇਸ਼ਤਿਹਾਰਾਂ ਤੇ ਹੋ ਸਮੱਗਰੀ ਵਿਚ ਨਾ ਵਰਤੇ। ਅਦਾਲਤ ਨੇ ਸਾਫ਼ ਕਿਹਾ ਕਿ ਇਹ ਧੜਾ ਕਿਸੇ ਹੋਰ ਦਾ ਸਹਾਰਾ ਲੈਣ ਦੀ ਥਾਂ ਆਪਣੇ ਪੈਰਾਂ ਉਤੇ ਖੜ੍ਹਾ ਹੋਵੇ।
ਜਸਟਿਸ ਸੂਰਿਆਕਾਂਤ ਅਤੇ ਉੱਜਲ ਭੂਈਆਂ ਦੇ ਬੈਂਚ ਨੇ ਸ਼ਰਦ ਪਵਾਰ ਅਤੇ ਅਜੀਤ ਪਵਾਰ ਦੀ ਅਗਵਾਈ ਹੇਠਲੇ ਐੱਨਸੀਪੀ ਦੇ ਦੋਵੇਂ ਧੜਿਆਂ ਨੂੰ ਇਹ ਵੀ ਕਿਹਾ ਹੈ ਕਿ ਉਹ ਅਦਾਲਤਾਂ ਦੇ ਚੱਕਰ ਕੱਟਣ ਦੀ ਬਜਾਏ ਚੋਣਾਂ ਵੱਲ ਧਿਆਨ ਦੇਣ। ਗ਼ੌਰਤਲਬ ਹੈ ਕਿ ਪਿਛਲੇ ਹਫ਼ਤੇ ਬੈਂਚ ਅਜੀਤ ਪਵਾਰ ਧੜੇ ਨੂੰ ਪਾਰਟੀ ਦੇ ਇਸ਼ਤਿਹਾਰਾਂ ਵਿੱਚ ਅਦਾਲਤ ਦੇ ਅੰਤਰਿਮ ਹੁਕਮਾਂ ਦੇ ਆਧਾਰ ਉਤੇ ਇਹ ਬੇਦਾਅਵਾ (disclaimer) ਦਰਜ ਕਰਨ ਲਈ ਵੀ ਕਿਹਾ ਸੀ ਕਿ ਉਸ ਨੂੰ ਪਾਰਟੀ ਦੇ ਚੋਣ ਨਿਸ਼ਾਨ ‘ਘੜੀ’ ਦੇ ਇਸਤੇਮਾਲ ਦੀ ਦਿੱਤੀ ਗਈ ਛੋਟ, ਹਾਲੇ ਅੰਤਿਮ ਨਹੀਂ ਹੈ ਅਤੇ ਇਹ ਮਾਮਲਾ ਹਾਲੇ ਅਦਾਲਤ ਦੇ ਵਿਚਾਰ-ਅਧੀਨ (sub-judice) ਹੈ ਅਤੇ ਇਹ ਅਦਾਲਤ ਦੇ ਆਉਣ ਵਾਲੇ ਅੰਤਿਮ ਫ਼ੈਸਲੇ ਉਤੇ ਨਿਰਭਰ ਕਰੇਗਾ।
ਅਦਾਲਤ ਨੇ ਅਜੀਤ ਪਵਾਰ ਪੱਖ ਨੂੰ 36 ਘੰਟਿਆਂ ਦੇ ਅੰਦਰ ਮਰਾਠੀ ਭਾਸ਼ੀ ਅਖ਼ਬਾਰਾਂ ਸਮੇਤ ਵੱਖ-ਵੱਖ ਅਖਬਾਰਾਂ ਵਿੱਚ ਘੜੀ ਦੇ ਚਿੰਨ੍ਹ ਬਾਰੇ ਤਾਜ਼ਾ ਬੇਦਾਅਵਾ ਛਪਵਾਉਣ ਦੇ ਹੁਕਮ ਦਿੱਤੇ ਸਨ। ਗ਼ੌਰਤਲਬ ਹੈ ਕਿ ਸੁਪਰੀਮ ਕੋਰਟ ਸ਼ਰਦ ਪਵਾਰ ਧੜੇ ਵੱਲੋਂ ਦਾਇਰ ਇੱਕ ਅਰਜ਼ੀ ‘ਤੇ ਸੁਣਵਾਈ ਕਰ ਰਹੀ ਸੀ ਜਿਸ ਵਿੱਚ ਮੰਗ ਕੀਤੀ ਗਈ ਸੀ ਕਿ ਅਜੀਤ ਪਵਾਰ ਧੜੇ ਨੂੰ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਲਈ ‘ਘੜੀ’ ਦੀ ਬਜਾਏ ਅਸਥਾਈ ਤੌਰ ‘ਤੇ ਕੋਈ ਨਵਾਂ ਚੋਣ ਨਿਸ਼ਾਨ ਅਲਾਟ ਕੀਤਾ ਜਾਵੇ।
ਇਹ ਵੀ ਪੜ੍ਹੋ:
ਮਹਾਰਾਸ਼ਟਰ ’ਚ ਮੋਦੀ ਦੀਆਂ ਰੈਲੀਆਂ ਵਾਲੇ ਹਲਕਿਆਂ ’ਚ ਭਾਜਪਾ ਹਾਰੀ: ਪਵਾਰ
Maharashtra CM Shinde’s bags checked: ਚੋਣ ਕਮਿਸ਼ਨ ਵੱਲੋਂ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੇ ਸਮਾਨ ਦੀ ਫਰੋਲਾ ਫਰਾਲੀ
ਸੁਪਰੀਮ ਕੋਰਟ ਨੇ ਜ਼ੋਰ ਦੇ ਕੇ ਕਿਹਾ ਕਿ ਦੋਵਾਂ ਧਿਰਾਂ ਨੂੰ ਉਸ ਦੇ ਹੁਕਮਾਂ ਦੀ ਧਿਆਨ ਨਾਲ ਪਾਲਣਾ ਕਰਨੀ ਚਾਹੀਦੀ ਹੈ ਅਤੇ ਉਹ ਅਦਾਲਤ ਦੇ 19 ਮਾਰਚ ਦੇ ਅੰਤਰਿਮ ਹੁਕਮਾਂ ਦਾ ਉਲੰਘਣ ਨਾ ਕਰਨ। ਦੱਸਣਯੋਗ ਹੈ ਕਿ ਉਨ੍ਹਾਂ ਹੁਕਮਾਂ ਵਿਚ ਅਦਾਲਤ ਨੇ ਅਜੀਤ ਪਵਾਰ ਦੀ ਅਗਵਾਈ ਵਾਲੇ ਧੜੇ ਨੂੰ ਅੰਗਰੇਜ਼ੀ, ਮਰਾਠੀ ਅਤੇ ਹਿੰਦੀ ਅਖ਼ਬਾਰਾਂ ਵਿਚ ਘੜੀ ਚੋਣ ਨਿਸ਼ਾਨ ਬਾਰੇ ਜਨਤਕ ਨੋਟਿਸ ਛਾਪਣ ਲਈ ਕਿਹਾ ਸੀ। ਇਨ੍ਹਾਂ ਹੁਕਮਾਂ ਵਿਚ ਇਹ ਵੀ ਸਾਫ਼ ਕੀਤਾ ਗਿਆ ਸੀ ਕਿ ‘ਅਜਿਹਾ ਐਲਾਨਨਾਮਾ ਪ੍ਰਤੀਵਾਦੀ ਧਿਰ (ਅਜੀਤ ਪਵਾਰ ਦੀ ਅਗਵਾਈ ਵਾਲੀ ਪਾਰਟੀ) ਦੀ ਤਰਫੋਂ ਜਾਰੀ ਕੀਤੇ ਜਾਣ ਵਾਲੇ ਹਰੇਕ ਪੈਂਫਲਿਟ, ਇਸ਼ਤਿਹਾਰ, ਆਡੀਓ ਜਾਂ ਵੀਡੀਓ ਕਲਿੱਪ ਵਿੱਚ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ।”
ਬੈਂਚ ਨੇ ਸਾਫ਼ ਕੀਤਾ ਸੀ ਕਿ ਸ਼ਰਦ ਪਵਾਰ ਦੀ ਅਗਵਾਈ ਵਾਲੀ ਰਾਸ਼ਟਰਵਾਦੀ ਕਾਂਗਰਸ ਪਾਰਟੀ-ਸ਼ਰਦਚੰਦਰ ਪਵਾਰ (NCP-SP), ਜਿਸ ਕੋਲ ‘ਤੁਰ੍ਹਾ ਵਜਾ ਰਿਹਾ’ ਚੋਣ ਨਿਸ਼ਾਨ ਹੈ, ਨੂੰ ਵੀ ਅਦਾਲਤ ਦੇ ਹੁਕਮਾਂ ਦੀ ਪਾਲਣਾ ਕਰਨੀ ਹੋਵੇਗੀ ਅਤੇ ਇਹ ਧੜਾ ਘੜੀ ਦੇ ਨਿਸ਼ਾਨ ਦੀ ਵਰਤੋਂ ਨਹੀਂ ਕਰ ਸਕੇਗਾ। ਮਾਮਲੇ ਦੀ ਅਗਲੀ ਸੁਣਵਾਈ ਨੂੰ 19 ਨਵੰਬਰ ਤੱਕ ਟਾਲਦਿਆਂ ਸੁਪਰੀਮ ਕੋਰਟ ਨੇ ਟਿੱਪਣੀ ਕੀਤੀ ਕਿ ਲੋਕ ਬਹੁਤ ਸਮਝਦਾਰ ਹਨ ਅਤੇ ਵੋਟ ਪਾਉਣਾ ਜਾਣਦੇ ਹਨ ਅਤੇ ਇਹ ਆਸਾਨੀ ਨਾਲ ਸਮਝ ਸਕਦੇ ਹਨ ਕਿ ਕੌਣ ਸ਼ਰਦ ਪਵਾਰ ਹੈ ਅਤੇ ਕੌਣ ਅਜੀਤ ਪਵਾਰ ਹੈ। -ਆਈਏਐਨਐਸ