ਨਵੀਂ ਦਿੱਲੀ, 8 ਅਗਸਤ
ਕੇਂਦਰੀ ਸੂਚਨਾ ਕਮਿਸ਼ਨ (ਸੀਆਈਸੀ) ਨੇ ਉਨ੍ਹਾਂ ਈਵੀਐੱਮਜ਼ ਅਤੇ ਵੀਵੀਪੈਟਜ਼ ਦੀ ਕੁੱਲ ਗਿਣਤੀ ਦੱਸਣ ਦਾ ਹੁਕਮ ਦਿੱਤਾ ਹੈ ਜਿਸ ’ਚ ਮਾਪਦੰਡ, ਜਾਂਚ ਅਤੇ ਗੁਣਵੱਤਾ ਪ੍ਰਮਾਣ ਡਾਇਰੈਕਟੋਰੇਟ ਵੱਲੋਂ ਫਰਮਵੇਅਰ ਦੀ ਜਾਂਚ ਅਤੇ ਮੁਲਾਂਕਣ ਦੌਰਾਨ ਉਨ੍ਹਾਂ ’ਚ ਖਾਮੀਆਂ ਦਾ ਪਤਾ ਲੱਗਾ ਸੀ। ਫਰਮਵੇਅਰ ਕਿਸੇ ਹਾਰਡਵੇਅਰ ਉਪਕਰਣ ਦਾ ਇਕ ਸਾਫ਼ਟਵੇਅਰ ਪ੍ਰੋਗਰਾਮ ਹੈ। ਇਹ ਇਸ ਬਾਰੇ ਲੋੜੀਂਦੇ ਨਿਰਦੇਸ਼ ਪ੍ਰਦਾਨ ਕਰਦਾ ਹੈ ਕਿ ਉਪਕਰਣ ਹੋਰ ਕੰਪਿਊਟਰ ਹਾਰਡਵੇਅਰ ਨਾਲ ਕਿਵੇਂ ਸੰਚਾਰ ਕਰੇਗਾ। ਸੀਆਈਸੀ ਦਾ ਇਹ ਹੁਕਮ ਕਾਰਕੁਨ ਵੈਂਕਟੇਸ਼ ਨਾਇਕ ਦੀ ਅਰਜ਼ੀ ’ਤੇ ਆਇਆ ਹੈ ਜਿਸ ਨੇ ਈਵੀਐੱਮਜ਼ ਦੀ ਐੱਮ3 ਅਤੇ ਐੱਮ2 ਜੈਨਰੇਸ਼ਨ ਅਤੇ ਈਸੀਆਈਐੱਲ ਤੇ ਬੀਈਐੱਲ ਵੱਲੋਂ ਬਣਾਈਆਂ ਗਈਆਂ ਵੀਵੀਪੈਟਜ਼ ਦੀ ਫਰਮਵੇਅਰ ਦੀ ਜਾਂਚ ਨਾਲ ਸਬੰਧਿਤ ਜਾਣਕਾਰੀ ਮੰਗੀ ਸੀ।
ਇਨ੍ਹਾਂ ਈਵੀਐੱਮਜ਼ ਅਤੇ ਵੀਵੀਪੈਟਜ਼ ਦੀ ਵਰਤੋਂ 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਕੀਤੀ ਗਈ ਸੀ। ਉਂਜ ਸੂਚਨਾ ਅਧਿਕਾਰ ਕਾਨੂੰਨ ਦੀ ਧਾਰਾ 8(1) (ਡੀ) ਦਾ ਹਵਾਲਾ ਦਿੰਦਿਆਂ ਉਸ ਨੂੰ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ। ਇਸ ਧਾਰਾ ਤਹਿਤ ਅਜਿਹੀ ਸੂਚਨਾ ਦਾ ਖੁਲਾਸਾ ਨਾ ਕਰਨ ਦੀ ਛੋਟ ਹੈ ਜੋ ਵਣਜ ਤੌਰ ’ਤੇ ਗੁਪਤ ਰੱਖਣੀ ਲੋੜੀਂਦੇ ਹੋਵੇ। -ਪੀਟੀਆਈ