ਨਵੀਂ ਦਿੱਲੀ, 27 ਨਵੰਬਰ
ਦੇਸ਼ ਵਿੱਚ ਕਰੋਨਾਵਾਇਰਸ ਦੇ ਵਧਦੇ ਕੇਸਾਂ ਦਰਮਿਆਨ ਸੁਪਰੀਮ ਕੋਰਟ ਨੇ ਰਾਜਾਂ ਨੂੰ ਅੱਜ ਆਖਿਆ ਕਿ ਕੋਵਿਡ-19 ਕਰਕੇ ‘ਹਾਲਾਤ ਬੱਦ ਤੋਂ ਬਦਤਰ’ ਹੋ ਰਹੇ ਹਨ, ਲਿਹਾਜ਼ਾ ਉਹ ‘ਸਿਆਸਤ ਤੋਂ ਉਪਰ ਉੱਠ ਕੇ’ ਕਰੋਨਾ ਮਹਾਮਾਰੀ ਨੂੰ ਠੱਲ੍ਹਣ ਲਈ ਸਖ਼ਤ ਉਪਰਾਲੇ ਕਰਨ। ਸਿਖਰਲੀ ਅਦਾਲਤ ਨੇ ਕਿਹਾ ਕਿ ਦੇਸ਼ ਵਿੱਚ ਕੋਵਿਡ-19 ਪ੍ਰਬੰਧਨ ਲਈ ਨੀਤੀਆਂ, ਦਿਸ਼ਾ ਨਿਰਦੇਸ਼ ਤੇ ਨਿਰਧਾਰਿਤ ਮਾਪਦੰਡ ਹਨ, ਪਰ ਸਰਕਾਰਾਂ ਵਿੱਚ ਇਨ੍ਹਾਂ ਨੂੰ ਅਮਲ ’ਚ ਲਿਆਉਣ ਦੀ ਘਾਟ ਹੈ ਤੇ ਮਹਾਮਾਰੀ ਨਾਲ ਨਜਿੱਠਣ ਲਈ ਕੋਈ ਠੋਸ ਪੇਸ਼ਕਦਮੀ ਨਹੀਂ ਹੋ ਰਹੀ। ਜਸਟਿਸ ਅਸ਼ੋਕ ਭੂਸ਼ਣ ਦੀ ਅਗਵਾਈ ਵਾਲੇ ਬੈਂਚ ਨੇ ਕਿਹਾ, ‘ਇਹ ਸਖ਼ਤ ਪੇਸ਼ਬੰਦੀਆਂ ਦਾ ਸਮਾਂ ਹੈ’, ਨਹੀਂ ਤਾਂ ਕੇਂਦਰ ਸਰਕਾਰ ਵੱਲੋਂ ਹੁਣ ਤੱਕ ਕੀਤੀਆਂ ਕੋੋਸ਼ਿਸ਼ਾਂ ਮਿੱਟੀ ਹੋ ਜਾਣਗੀਆਂ। -ਪੀਟੀਆਈ