ਮਾਨਗੜ੍ਹ (ਰਾਜਸਥਾਨ), 1 ਨਵੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਰਾਜਸਥਾਨ, ਗੁਜਰਾਤ, ਮੱਧ ਪ੍ਰਦੇਸ਼ ਅਤੇ ਮਹਾਰਾਸ਼ਟਰ ਸਰਕਾਰਾਂ ਨੂੰ ਮਾਨਗੜ੍ਹ ਧਾਮ ਨੂੰ ਵਿਕਸਤ ਕਰਨ ਲਈ ਮਿਲ ਕੇ ਇਕ ਯੋਜਨਾ ਬਣਾਉਣੀ ਚਾਹੀਦੀ ਹੈ। ਇਹ ਉਹ ਜਗ੍ਹਾ ਹੈ ਜਿੱਥੇ ਕਬਾਇਲੀ ਲੋਕਾਂ ਨੇ ਬਰਤਾਨਵੀ ਰਾਜ ਖ਼ਿਲਾਫ਼ ਸੰਘਰਸ਼ ਛੇੜਿਆ ਸੀ। ਇਸ ਦੌਰਾਨ ਮਾਨਗੜ੍ਹ ਨੂੰ ਕੌਮੀ ਯਾਦਗਾਰ ਐਲਾਨਣ ਬਾਰੇ ਸ਼ਸ਼ੋਪੰਜ ਬਣੀ ਰਹੀ। ਪ੍ਰੈੱਸ ਸੂਚਨਾ ਬਿਊਰੋ (ਪੀਆਈਬੀ) ਨੇ ਪਹਿਲਾਂ ਟਵੀਟ ਕੀਤਾ ਕਿ ਪ੍ਰਧਾਨ ਮੰਤਰੀ ਨੇ ਮਾਨਗੜ੍ਹ ਧਾਮ ਨੂੰ ਕੌਮੀ ਯਾਦਗਾਰ ਐਲਾਨ ਦਿੱਤਾ ਹੈ ਪਰ ਬਾਅਦ ਵਿੱਚ ਇਹ ਟਵੀਟ ਹਟਾ ਦਿੱਤਾ ਗਿਆ।
1913 ਵਿੱਚ ਬਰਤਾਨਵੀ ਫ਼ੌਜ ਵੱਲੋਂ ਗੋਲੀਆਂ ਚਲਾ ਕੇ ਕਰੀਬ 1500 ਕਬਾਇਲੀ ਲੋਕਾਂ ਦਾ ਕਤਲੇਆਮ ਕੀਤਾ ਗਿਆ ਸੀ। ਉਨ੍ਹਾਂ ਕਬਾਇਲੀ ਲੋਕਾਂ ਦੀ ਯਾਦਗਾਰ ਇਹ ਧਾਮ ਰਾਜਸਥਾਨ ਦੇ ਬਾਂਸਵਾੜਾ ਜ਼ਿਲ੍ਹੇ ਵਿੱਚ ਸਥਿਤ ਹੈ ਜੋ ਕਿ ਗੁਜਰਾਤ ਅਤੇ ਮੱਧ ਪ੍ਰਦੇਸ਼ ਦੀਆਂ ਸੀਮਾਵਾਂ ਦੇ ਨਾਲ ਲੱਗਦਾ ਹੈ। ਇਸ ਖੇਤਰ ਵਿੱਚ ਕਬਾਇਲੀ ਲੋਕਾਂ ਦੀ ਕਾਫੀ ਆਬਾਦੀ ਹੈ।
ਇੱਥੇ ਇਕ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਚਾਰੋਂ ਸੂਬੇ ਮਿਲ ਕੇ ਕੇਂਦਰ ਦੀ ਅਗਵਾਈ ਹੇਠ ਇਸ ਧਾਮ ਨੂੰ ਵਿਕਸਤ ਕਰ ਸਕਦੇ ਹਨ ਤਾਂ ਜੋ ਕਬਾਇਲੀ ਆਗੂ ਗੋਵਿੰਦ ਗੁਰੂ ਦੀ ਇਸ ਭੂਮੀ ਮਾਨਗੜ੍ਹ ਧਾਮ ਨੂੰ ਆਲਮੀ ਪੱਧਰ ’ਤੇ ਪਛਾਣ ਮਿਲ ਸਕੇ। ਇਸ ਇਕੱਤਰਤਾ ਵਿੱਚ ਹੋਰ ਲੋਕਾਂ ਦੇ ਨਾਲ ਵੱਡੀ ਗਿਣਤੀ ਕਬਾਇਲੀ ਲੋਕ ਵੀ ਸ਼ਾਮਲ ਸਨ। 1913 ਵਿੱਚ ਜਿਨ੍ਹਾਂ ਲੋਕਾਂ ਦਾ ਕਤਲੇਆਮ ਕੀਤਾ ਗਿਆ ਉਨ੍ਹਾਂ ਦੀ ਅਗਵਾਈ ਸਮਾਜ ਸੁਧਾਰਕ ਤੇ ਕਬਾਇਲੀ ਆਗੂ ਗੋਵਿੰਦ ਗੁਰੂ ਕਰ ਰਹੇ ਸਨ। ਇਸ ਮੌਕੇ ਸ੍ਰੀ ਮੋਦੀ ਦੇ ਨਾਲ ਮੰਚ ’ਤੇ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ, ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਅਤੇ ਗੁਜਰਾਤ ਦੇ ਮੁੱਖ ਮੰਤਰੀ ਭੁਪੇਂਦਰ ਪਟੇਲ ਵੀ ਹਾਜ਼ਰ ਸਨ।ਸ੍ਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਧਾਮ ਦੇ ਵਿਕਸਤ ਹੋਣ ਨਾਲ ਇਹ ਜਗ੍ਹਾ ਨਵੀਂ ਪੀੜ੍ਹੀ ਲਈ ਪ੍ਰੇਰਨਾ ਦਾ ਸਥਾਨ ਬਣੇਗੀ। ਉਨ੍ਹਾਂ ਕਿਹਾ ਕਿ ਕੁਝ ਲੋਕ ਇਸ ਨੂੰ ਕੌਮੀ ਯਾਦਗਾਰ ਕਹਿ ਸਕਦੇ ਹਨ ਜਾਂ ਹੋਰ ਕੋਈ ਨਾਂ ਦੇ ਸਕਦੇ ਹਨ ਪਰ ਕੇਂਦਰ ਸਰਕਾਰ ਅਤੇ ਇਨ੍ਹਾਂ ਚਾਰੋਂ ਸੂਬਿਆਂ ਵਿਚਲੇ ਕਬਾਇਲੀ ਭਾਈਚਾਰਿਆਂ ਦਾ ਇਸ ਧਾਮ ਨਾਲ ਸਿੱਧਾ ਸਬੰਧ ਹੈ। ਪ੍ਰਧਾਨ ਮੰਤਰੀ ਨੇ ਕਿਹਾ, ‘‘ਇਹ ਚਾਰੋਂ ਸੂਬੇ ਅਤੇ ਭਾਰਤ ਸਰਕਾਰ ਇਸ ਨੂੰ ਇਕ ਨਵੀਂ ਉਚਾਈ ’ਤੇ ਲੈ ਕੇ ਜਾ ਸਕਦੀ ਹੈ ਅਤੇ ਇਸ ਦਿਸ਼ਾ ਵਿੱਚ ਕੰਮ ਕਰਨ ਲਈ ਕੇਂਦਰ ਸਰਕਾਰ ਪੂਰੀ ਤਰ੍ਹਾਂ ਵਚਨਬੱਧ ਹੈ।’’ -ਪੀਟੀਆਈ
ਮੋਦੀ ਅੱਜ ਕਰਨਗੇ ਈਡਬਲਿਊਐੱਸ ਫਲੈਟਾਂ ਦਾ ਉਦਘਾਟਨ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਲਕੇ ਬੁੱਧਵਾਰ ਨੂੰ ਦਿੱਲੀ ਮੁੜਵਸੇਬਾ ਪ੍ਰਾਜੈਕਟ ਤਹਿਤ ਆਰਥਿਕ ਕਮਜ਼ੋਰ ਵਰਗ ਲਈ ਨਵੇਂ ਬਣੇ 3024 ਫਲੈਟਾਂ ਦਾ ਉਦਘਾਟਨ ਕਰਨੇਗ। ਇਹ ਪ੍ਰੋਗਰਾਮ ਦਿੱਲੀ ਸਥਿਤ ਵਿਗਿਆਨ ਭਵਨ ਵਿੱਚ ਹੋਵੇਗਾ। ਇਸ ਤੋਂ ਇਲਾਵਾ ਸ੍ਰੀ ਮੋਦੀ ਬੁੱਧਵਾਰ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਬੰਗਲੁਰੂ ਵਿੱਚ ਹੋਣ ਵਾਲੇ ਇਕ ਵਿਸ਼ਵ ਪੱਧਰੀ ਨਿਵੇਸ਼ਕ ਸੰਮੇਲਨ ‘ਇਨਵੈਸਟ ਕਰਨਾਟਕਾ 2022’ ਦੇ ਉਦਘਾਟਨੀ ਸਮਾਰੋਹ ਨੂੰ ਵੀ ਸੰਬੋਧਨ ਕਰਨਗੇ। -ਪੀਟੀਆਈ
ਭਾਰਤ ਦੀਆਂ ਲੋਕਤੰਤਰ ਵਿੱਚ ਡੂੰਘੀਆਂ ਜੜ੍ਹਾਂ ਹੋਣ ਕਾਰਨ ਮੋਦੀ ਨੂੰ ਦੁਨੀਆ ਭਰ ’ਚ ਮਾਣ ਮਿਲਿਆ: ਗਹਿਲੋਤ
ਜੈਪੁਰ: ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਅੱਜ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੁਨੀਆ ਭਰ ਵਿੱਚ ਸਨਮਾਨ ਮਿਲਿਆ ਕਿਉਂਕਿ ਉਹ ਅਜਿਹੇ ਦੇਸ਼ ਦੀ ਅਗਵਾਈ ਕਰਦੇ ਹਨ ਜਿਸ ਦੀਆਂ ਲੋਕਤੰਤਰ ਵਿੱਚ ਡੂੰਘੀਆਂ ਜੜ੍ਹਾਂ ਹਨ।ਰਾਜਸਥਾਨ ਦੇ ਬਾਂਸਵਾੜਾ ਵਿੱਚ ਸਥਿਤ ਮਾਨਗੜ੍ਹ ਧਾਮ ’ਚ ਇਕ ਜਨਤਕ ਸਮਾਰੋਹ ਨੂੰ ਸੰਬੋਧਨ ਕਰਦਿਆਂ ਸ੍ਰੀ ਗਹਿਲੋਤ ਨੇ ਕਿਹਾ ਕਿ ਭਾਰਤ ਨੇ ਦੁਨੀਆ ਭਰ ਵਿੱਚ ਇਤਿਹਾਸ ਸਿਰਜਿਆ ਹੈ ਕਿਉਂਕਿ ਆਜ਼ਾਦ ਹੋਣ ਦੇ 70 ਸਾਲਾਂ ਬਾਅਦ ਵੀ ਇਸ ਦੇਸ਼ ਵਿੱਚ ਲੋਕਤੰਤਰ ਜਿਊਂਦਾ ਹੈ। ਉਨ੍ਹਾਂ ਕਿਹਾ, ‘‘ਜਦੋਂ ਮੋਦੀ ਵਿਦੇਸ਼ਾਂ ਵਿੱਚ ਜਾਂਦੇ ਹਨ ਤਾਂ ਉੱਥੇ ਉਨ੍ਹਾਂ ਨੂੰ ਕਾਫੀ ਸਨਮਾਨ ਮਿਲਦਾ ਹੈ। ਉਨ੍ਹਾਂ ਨੂੰ ਇਹ ਸਨਮਾਨ ਇਸ ਵਾਸਤੇ ਮਿਲਦਾ ਹੈ ਕਿਉਂਕਿ ਉਹ ਗਾਂਧੀ ਦੇ ਦੇਸ਼ ਦੇ ਪ੍ਰਧਾਨ ਮੰਤਰੀ ਹਨ, ਜਿੱਥੇ ਕਿ ਲੋਕਤੰਤਰ ਦੀਆਂ ਜੜ੍ਹਾਂ ਕਾਫੀ ਡੂੰਘੀਆਂ ਹਨ ਅਤੇ ਜਿੱਥੇ ਆਜ਼ਾਦੀ ਦੇ 70 ਸਾਲਾਂ ਬਾਅਦ ਵੀ ਲੋਕਤੰਤਰ ਜਿਊਂਦਾ ਹੈ।’’ ਸ੍ਰੀ ਗਹਿਲੋਤ ਨੇ ਸ੍ਰੀ ਮੋਦੀ ਨੂੰ ਅਪੀਲ ਕੀਤੀ ਕਿ ਮਾਨਗੜ੍ਹ ਨੂੰ ਇਕ ਕੌਮੀ ਯਾਦਗਾਰ ਐਲਾਨਿਆ ਜਾਵੇ ਅਤੇ ਰਤਲਾਮ-ਡੁੰਗਰਪੁਰ ਅਤੇ ਬਾਂਸਵਾੜਾ ਵਿਚਾਲੇ ਰੇਲਵੇ ਪ੍ਰਾਜੈਕਟ ਦੀ ਸਮੀਖਿਆ ਕੀਤੀ ਜਾਵੇ। -ਪੀਟੀਆਈ