ਨਵੀਂ ਦਿੱਲੀ: ਟਵਿੱਟਰ ਵੱਲੋਂ ਵੈਰੀਫਿਕੇਸ਼ਨ ਬੈਜ (ਬਲੂ ਟਿੱਕ) ਲਈ ਪ੍ਰਤੀ ਮਹੀਨਾ 20 ਡਾਲਰ ਫੀਸ ਰੱਖਣ ਦੀਆਂ ਕਿਆਸਰਾਈਆਂ ਵਿਚਾਲੇ ਅੱਜ ਭਾਰਤ ਦੇ ਸੂਚਨਾ-ਤਕਨੀਕ ਮੰਤਰੀ ਨੇ ਕਿਹਾ ਕਿ ਇਸ ਬਾਰੇ ਪਲੈਟਫਾਰਮ ਨੇ ਅਜੇ ਕੁੱਝ ਸਪੱਸ਼ਟ ਨਹੀਂ ਕੀਤਾ ਹੈ। ਉਨ੍ਹਾਂ ਕਿਹਾ ਕਿ ਟਵਿੱਟਰ ਦਾ ਰੁਖ਼ ਸਪੱਸ਼ਟ ਹੋਣ ’ਤੇ ਹੀ ਕੋਈ ਟਿੱਪਣੀ ਕੀਤੀ ਜਾ ਸਕਦੀ ਹੈ। ਮੰਤਰੀ ਨੇ ਕਿਹਾ ਕਿ ਇਸ ਬਾਰੇ ਟਵਿੱਟਰ ਵੱਲੋਂ ਕੁਝ ਨਹੀਂ ਕਿਹਾ ਗਿਆ ਹੈ ਜਦਕਿ ਕੁੁਝ ਮੀਡੀਆ ਰਿਪੋਰਟਾਂ ਆਈਆਂ ਹਨ। ਟਵਿੱਟਰ ਨੇ ਇਨ੍ਹਾਂ ਦੀ ਪੁਸ਼ਟੀ ਨਹੀਂ ਕੀਤੀ ਹੈ। ਜ਼ਿਕਰਯੋਗ ਹੈ ਕਿ ‘ਟੈਸਲਾ’ ਦੇ ਸੀਈਓ ਐਲਨ ਮਸਕ ਨੇ ਸ਼ੁੱਕਰਵਾਰ ਟਵਿੱਟਰ 44 ਅਰਬ ਡਾਲਰ ਵਿਚ ਖ਼ਰੀਦ ਲਿਆ ਸੀ। ਇਸ ਤਰ੍ਹਾਂ ਦੁਨੀਆ ਦਾ ਸਭ ਤੋਂ ਅਮੀਰ ਆਦਮੀ ਵਿਸ਼ਵ ਦੀਆਂ ਸਭ ਤੋਂ ਤਾਕਤਵਰ ਐਪਾਂ ਵਿਚੋਂ ਇਕ ਟਵਿੱਟਰ ਉਤੇ ਕਾਬਜ਼ ਹੋ ਗਿਆ। ਭਾਰਤ ਸਰਕਾਰ ਦਾ ਪਿਛਲੇ ਕੁਝ ਸਮੇਂ ਤੋਂ ਕਈ ਮੁੱਦਿਆਂ ’ਤੇ ਟਵਿੱਟਰ ਨਾਲ ਟਕਰਾਅ ਚੱਲਦਾ ਰਿਹਾ ਹੈ। -ਪੀਟੀਆਈ