* ਹਰ ਸੰਭਵ ਮਦਦ ਕਰਨ ਤੇ ਫੀਡਬੈਕ ਲੈਣ ਲਈ ਕਿਹਾ
* ਸਥਾਨਕ ਮੁੱਦਿਆਂ ਦੀ ਪਛਾਣ ਤੇ ਇਨ੍ਹਾਂ ਦੇ ਹੱਲ ਲਈ ਕਿਹਾ
* ਗਰੀਬਾਂ ਨੂੰ ਮੁਫ਼ਤ ਖੁਰਾਕੀ ਅਨਾਜ ਤੇ ਜਨ ਧਨ ਖਾਤਾਧਾਰਕਾਂ ਨੂੰ ਵਿੱਤੀ ਹਮਾਇਤ ਦੇਣ ਜਿਹੇ ਯਤਨਾਂ ’ਤੇ ਚਰਚਾ
* ਵਾਇਰਸ ਨੂੰ ਭਾਂਜ ਲਈ ਸਮਾਜ ਦੀ ਸ਼ਮੂਲੀਅਤ ਅਹਿਮ ਪਹਿਲੂ ਕਰਾਰ
ਨਵੀਂ ਦਿੱਲੀ, 30 ਅਪਰੈਲ
ਕਰੋਨਾਵਾਇਰਸ ਦੀ ਬੇਕਾਬੂ ਹੋਈ ਦੂਜੀ ਲਹਿਰ ਕਰਕੇ ਦੇਸ਼ ਨੂੰ ਦਰਪੇਸ਼ ਕੋਵਿਡ-19 ਸੰਕਟ ਦਰਮਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕੇਂਦਰੀ ਮੰਤਰੀਆਂ ਨੂੰ ਆਪੋ-ਆਪਣੇ ਖੇਤਰਾਂ ਵਿੱਚ ਲੋਕਾਂ ਨਾਲ ਰਾਬਤਾ ਬਣਾ ਕੇ ਰੱਖਣ ਦੀ ਅਪੀਲ ਕੀਤੀ ਹੈ। ਉਨ੍ਹਾਂ ਆਪਣੇ ਵਜ਼ਾਰਤੀ ਸਾਥੀਆਂ ਨੂੰ ਕਿਹਾ ਕਿ ਉਹ ਲੋੋਕਾਂ ਦੀ ਹਰ ਸੰਭਵ ਮਦਦ ਕਰਨ ਤੇ ਮੌਜੂਦਾ ਹਾਲਾਤ ਬਾਰੇ ਉਨ੍ਹਾਂ ਦੀ ਫੀਡਬੈਕ ਲੈਂਦੇ ਰਹਿਣ। ਸ੍ਰੀ ਮੋਦੀ ਨੇ ਕਿਹਾ ਕਿ ਮਹਾਮਾਰੀ ਖਿਲਾਫ਼ ਲੜਾਈ ’ਚ ਭਾਰਤ ਸਰਕਾਰ ਦੀ ‘ਟੀਮ ਇੰਡੀਆ’ ਵਾਲੀ ਪਹੁੰਚ ਕੇਂਦਰ, ਸੂਬਾ ਸਰਕਾਰਾਂ ਤੇ ਲੋਕਾਂ ਵੱਲੋਂ ਮਿਲ ਕੇ ਕੀਤੇ ਯਤਨਾਂ ’ਤੇ ਅਧਾਰਿਤ ਹੈ। ਕਰੋਨਾ ਮਹਾਮਾਰੀ ਦੀ ਦੂਜੀ ਲਹਿਰ ਮਗਰੋਂ ਕੇਂਦਰੀ ਕੈਬਨਿਟ ਦੀ ਇਹ ਪਲੇਠੀ ਮੀਟਿੰਗ ਸੀ।
ਮੀਟਿੰਗ ਵਿੱਚ ਨੀਤੀ ਆਯੋਗ ਦੇ ਮੈਂਬਰ ਤੇ ਕੋਵਿਡ-19 ਮਹਾਮਾਰੀ ਰਿਸਪੌਂਸ ਬਾਰੇ ਕੇਂਦਰ ਸਰਕਾਰ ਦੀ ਕੋਰ ਟੀਮ ਦੇ ਮੈਂਬਰ ਵੀ.ਕੇ.ਪੌਲ ਵੀ ਮੌਜੂਦ ਸਨ। ਇਥੇ ਕੇਂਦਰੀ ਵਜ਼ਾਰਤ ਦੀ ਵਰਚੁਅਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸ੍ਰੀ ਮੋਦੀ ਨੇ ਕਿਹਾ, ‘ਸਰਕਾਰ ਦੀਆਂ ਸਾਰੀਆਂ ਭੁਜਾਵਾਂ (ਬਾਹਾਂ) ਮੌਜੂਦਾ ਹਾਲਾਤ ਨਾਲ ਨਜਿੱਠਣ ਲਈ ਇਕਜੁੱਟ ਹੋ ਕੇ ਤੇ ਤੇਜ਼ ਰਫ਼ਤਾਰ ਨਾਲ ਕੰਮ ਕਰ ਰਹੀਆਂ ਹਨ।’ ਉਨ੍ਹਾਂ ਮੰਤਰੀਆਂ ਨੂੰ ਅਪੀਲ ਕੀਤੀ ਕਿ ਉਹ ਸਬੰਧਤ ਖੇਤਰਾਂ ਵਿੱਚ ਲੋਕਾਂ ਨਾਲ ਰਾਬਤਾ ਬਣਾ ਕੇ ਰੱਖਣ ਤੇ ਉਨ੍ਹਾਂ ਦੀ ਫੀਡਬੈਕ ਲੈਂਦੇ ਰਹਿਣ।’ ਮੀਟਿੰਗ ਦੌਰਾਨ ਕੈਬਨਿਟ ਮੰਤਰੀਆਂ ਨੇ ਪਿਛਲੇ 14 ਮਹੀਨਿਆਂ ਦੌਰਾਨ ਕੇਂਦਰ ਤੇ ਰਾਜ ਸਰਕਾਰਾਂ ਅਤੇ ਭਾਰਤ ਦੇ ਲੋਕਾਂ ਵੱਲੋਂ ਕੀਤੇ ਯਤਨਾਂ ’ਤੇ ਨਜ਼ਰਸਾਨੀ ਕੀਤੀ। ਸ੍ਰੀ ਮੋਦੀ ਨੇ ਜ਼ੋਰ ਦੇ ਕੇ ਆਖਿਆ ਕਿ ‘ਸਥਾਨਕ ਮੁੱਦਿਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਮੁਖਾਤਬਿ ਹੋਣਾ ਯਕੀਨੀ ਬਣਾਇਆ ਜਾਵੇ।’ ਮੀਟਿੰਗ ਦੌਰਾਨ ਕੋਵਿਡ-19 ਦੀ ਦੂਜੀ ਲਹਿਰ ਕਰ ਕੇ ਬਣੇ ਮੌਜੂਦਾ ਹਾਲਾਤ ’ਤੇ ਵਿਚਾਰ ਚਰਚਾ ਕੀਤੀ ਗਈ। ਮਹਾਮਾਰੀ ਨੂੰ ‘ਸਦੀ ’ਚ ਇਕ ਵਾਰ ਆਉਣ ਵਾਲਾ’ ਸੰਕਟ ਦੱਸਦਿਆਂ ਕਿਹਾ ਗਿਆ ਕਿ ਇਸ ਨੇ ਕੁੱਲ ਆਲਮ ਨੂੰ ਵੱਡੀ ਚੁਣੌਤੀ ਦਿੱਤੀ ਹੈ। ਮੀਟਿੰਗ ਦੌਰਾਨ ਕੇਂਦਰੀ ਵਜ਼ਾਰਤ ਨੇ ਹਸਪਤਾਲਾਂ ਵਿੱਚ ਬੈੱਡ, ਆਕਸੀਜਨ ਦੀ ਸਹੂਲਤ ਤੇ ਆਕਸੀਜਨ ਤੇ ਜ਼ਰੂਰੀ ਦਵਾਈਆਂ ਦੀ ਉਪਲਬਧਤਾ ਨਾਲ ਜੁੜੇ ਮੁੱਦਿਆਂ ’ਤੇ ਚਰਚਾ ਕੀਤੀ। ਇਕ ਅਧਿਕਾਰਤ ਬਿਆਨ ਮੁਤਾਬਕ ਮੀਟਿੰਗ ਦੌਰਾਨ ਗਰੀਬ ਗੁਰਬੇ ਨੂੰ ਮੁਫ਼ਤ ’ਚ ਖੁਰਾਕੀ ਅਨਾਜ ਤੇ ਜਨ ਧਨ ਖਾਤਾ ਧਾਰਕਾਂ ਨੂੰ ਵਿੱਤੀ ਹਮਾਇਤ ਦੇਣ ਜਿਹੇ ਉਪਰਾਲਿਆਂ ’ਤੇ ਵੀ ਚਰਚਾ ਹੋਈ। ਮੀਟਿੰਗ ਦੌਰਾਨ ਦੱਸਿਆ ਗਿਆ ਕਿ ਹੁਣ ਤੱਕ 15 ਕਰੋੜ ਲੋਕਾਂ ਨੂੰ ਕਰੋਨਾ ਤੋਂ ਬਚਾਅ ਲਈ ਵੈਕਸੀਨਾਂ ਦੀ ਖੁਰਾਕ ਦਿੱਤੀ ਜਾ ਚੁੱਕੀ ਹੈ। ਕੇਂਦਰੀ ਮੰਤਰੀਆਂ ਨੇ ਮਾਸਕ ਪਾਉਣ, ਛੇ ਫੁੱਟ ਦੀ ਸਮਾਜਿਕ ਦੂਰੀ ਤੇ ਵਾਰ ਵਾਰ ਹੱਥ ਧੋਣ ਜਿਹੇ ਕੋਵਿਡ ਪ੍ਰਤੀ ਢੁੱਕਵੇਂ ਰਵੱਈਏ ਦੀ ਅਹਿਮੀਅਤ ’ਤੇ ਜ਼ੋਰ ਦਿੱਤਾ। ਇਸ ਦੌਰਾਨ ਇਹ ਗੱਲ ਵੀ ਉਭਰ ਕੇ ਸਾਹਮਣੇ ਆਈ ਕਿ ਮੁਲਕ ਦੋ ਵੈਕਸੀਨਾਂ ਦਾ ਸਫ਼ਲਤਾਪੂਰਵਕ ਉਤਪਾਦਨ ਕਰ ਸਕਦਾ ਹੈ ਜਦੋਂਕਿ ਕਈ ਵੈਕਸੀਨਾਂ ਅਜੇ ਪ੍ਰਵਾਨਗੀ ਦੇ ਸ਼ੁਰੂਆਤੀ ਗੇੜਾਂ ਵਿੱਚ ਹਨ। ਮੀਟਿੰਗ ਵਿੱਚ ਇਸ ਗੱਲ ’ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ ਕਿ ਕਰੋਨਾ ਸੰਕਟ ਦੇ ਟਾਕਰੇ ਤੇ ਵਾਇਰਸ ਨੂੰ ਭਾਂਜ ਦੇਣ ਲਈ ਸਮਾਜ ਦੀ ਸ਼ਮੂਲੀਅਤ ਬਹੁਤ ਜ਼ਰੂਰੀ ਹੈ ਤੇ ਇਸ ਦਿਓਕੱਦ ਕੰਮ ਨੂੰ ਪੂਰਾ ਕਰਨ ਲਈ ਇਹ ਅਹਿਮ ਪਹਿਲੂ ਹੈ।
ਮੀਟਿੰਗ ਦੌਰਾਨ ਨੀਤੀ ਆਯੋਗ ਦੇ ਮੈਂਬਰ ਵੀ.ਕੇ.ਪੌਲ ਨੇ ਕੋਵਿਡ-19 ਪ੍ਰਬੰਧਨ ਬਾਰੇ ਪੇਸ਼ਕਾਰੀ ਦਿੱਤੀ। ਉਨ੍ਹਾਂ ਮਗਰੋਂ ਕੇਂਦਰੀ ਮੰਤਰੀ ਪਿਊਸ਼ ਗੋਇਲ ਤੇ ਮਨਸੁਖ ਮੰਡਾਵੀਆ ਨੇ ਕੈਬਨਿਟ ਵਿਚਲੇ ਆਪਣੇ ਸਾਥੀਆਂ ਨੂੰ ਆਕਸੀਜਨ ਤੇ ਦਵਾਈਆਂ ਦੀ ਉਪਲਬਧਤਾ ਬਾਰੇ ਸੰਖੇਪ ਜਾਣਕਾਰੀ ਦਿੱਤੀ। ਚੇਤੇ ਰਹੇ ਕਿ ਪ੍ਰਧਾਨ ਮੰਤਰੀ ਇਸ ਤੋਂ ਪਹਿਲਾਂ ਮੁੱਖ ਮੰਤਰੀਆਂ ਤੇ ਸਿਖਰਲੇ ਸਰਕਾਰੀ ਅਧਿਕਾਰੀਆਂ ਨਾਲ ਕੋਵਿਡ-19 ਹਾਲਾਤ ’ਤੇ ਸਮੀਖਿਆ ਨੂੰ ਲੈ ਕੇ ਕਈ ਮੀਟਿੰਗਾਂ ਕਰ ਚੁੱਕੇ ਹਨ।
ਪਿਛਲੇ ਦਿਨੀਂ ਉਨ੍ਹਾਂ ਫਾਰਮਾਸਿਊਟੀਕਲ ਸਨਅਤ ਦੇ ਆਗੂਆਂ, ਆਕਸੀਜਨ ਸਪਲਾਇਰਾਂ, ਤਿੰਨੋਂ ਹਥਿਆਰਬੰਦ ਸੈਨਾਵਾਂ ਦੇ ਮੁਖੀਆਂ ਨਾਲ ਗੱਲਬਾਤ ਕਰਕੇ ਮਹਾਮਾਰੀ ਦੇ ਟਾਕਰੇ ਦੇ ਢੰਗ ਤਰੀਕਿਆਂ ’ਤੇ ਵਿਚਾਰ ਚਰਚਾ ਕੀਤੀ ਸੀ। -ਪੀਟੀਆਈ
ਕੋਵਿਡ ਟੀਕਾਕਰਨ: ਤੀਜੇ ਗੇੜ ਲਈ 2.45 ਕਰੋੜ ਤੋਂ ਜ਼ਿਆਦਾ ਲੋਕਾਂ ਵੱਲੋਂ ਰਜਿਸਟਰੇਸ਼ਨ
ਨਵੀਂ ਦਿੱਲੀ: ਕੋਵਿਡ-19 ਟੀਕਾਕਰਨ ਦੇ ਭਲਕੇ ਤੋਂ ਸ਼ੁਰੂ ਹੋਣ ਵਾਲੇ ਤੀਜੇ ਗੇੜ ਤੋਂ ਪਹਿਲਾਂ ਕੋ-ਵਿਨ ਐਪ ’ਤੇ 2.45 ਕਰੋੜ ਤੋਂ ਜ਼ਿਆਦਾ ਲੋਕਾਂ ਨੇ ਆਪਣੀ ਰਜਿਸਟਰੇਸ਼ਨ ਕਰਵਾ ਲਈ ਹੈ। ਕੇਂਦਰੀ ਸਿਹਤ ਮੰਤਰਾਲੇ ਮੁਤਾਬਕ 29 ਅਪਰੈਲ ਨੂੰ 1.04 ਕਰੋੜ ਤੋਂ ਜ਼ਿਆਦਾ ਲੋਕਾਂ ਨੇ ਆਪਣੀ ਰਜਿਸਟਰੇਸ਼ਨ ਕਰਵਾਈ। ਪਹਿਲੀ ਮਈ ਤੋਂ 18 ਤੋਂ 44 ਸਾਲ ਤੱਕ ਦੇ ਵਿਅਕਤੀਆਂ ਨੂੰ ਕਰੋਨਾ ਤੋਂ ਬਚਾਅ ਦੇ ਟੀਕੇ ਲੱਗਣੇ ਸ਼ੁਰੂ ਹੋਣਗੇ। ਮੰਤਰਾਲੇ ਨੇ ਇਹ ਵੀ ਦੱਸਿਆ ਕਿ ਹੁਣ ਤੱਕ 15.22 ਕਰੋੜ ਲੋਕਾਂ ਨੂੰ ਕੋਵਿਡ-19 ਵੈਕਸੀਨ ਲੱਗ ਚੁੱਕੀ ਹੈ। ਪਿਛਲੇ 24 ਘੰਟਿਆਂ ’ਚ 21 ਲੱਖ ਤੋਂ ਜ਼ਿਆਦਾ ਵਿਅਕਤੀਆਂ ਨੂੰ ਵੈਕਸੀਨ ਲਗਾਈ ਗਈ। ਇਨ੍ਹਾਂ ’ਚੋਂ 93,86,904 ਸਿਹਤ ਸੰਭਾਲ ਵਰਕਰ ਹਨ ਜਿਨ੍ਹਾਂ ਨੇ ਕਰੋਨਾ ਤੋਂ ਬਚਾਅ ਦੀ ਪਹਿਲੀ ਖੁਰਾਕ ਲਗਵਾਈ ਹੈ। ਇਸੇ ਤਰ੍ਹਾਂ 61,91,118 ਵਰਕਰਾਂ ਨੇ ਦੂਜੀ ਖੁਰਾਕ ਲਈ ਹੈ। ਮੋਹਰਲੀ ਕਤਾਰ ਦੇ 67,07,862 ਵਰਕਰਾਂ ਨੇ ਕਰੋਨਾ ਦੀ ਦੂਜੀ ਡੋਜ਼ ਲਗਵਾਈ ਹੈ। ਦੇਸ਼ ’ਚ ਕੁੱਲ ਟੀਕਾਕਰਨ ’ਚ ਮਹਾਰਾਸ਼ਟਰ, ਰਾਜਸਥਾਨ, ਉੱਤਰ ਪ੍ਰਦੇਸ਼, ਗੁਜਰਾਤ, ਪੱਛਮੀ ਬੰਗਾਲ, ਕਰਨਾਟਕ, ਮੱਧ ਪ੍ਰਦੇਸ਼, ਕੇਰਲਾ, ਬਿਹਾਰ ਅਤੇ ਆਂਧਰਾ ਪ੍ਰਦੇਸ਼ ਦੀ ਹਿੱਸੇਦਾਰੀ 67.08 ਫ਼ੀਸਦ ਹੈ। -ਪੀਟੀਆਈ
‘ਆਕਸੀਜਨ ਨੂੰ ਅਹਿਮ ਵਸਤੂ ਮੰਨਿਆ ਜਾਵੇ’
ਨਵੀਂ ਦਿੱਲੀ: ਕੇਂਦਰ ਨੇ ਅੱਜ ਸੂਬਿਆਂ ਨੂੰ ਕਿਹਾ ਹੈ ਕਿ ਉਹ ਉਪਲੱਬਧ ਆਕਸੀਜਨ ਨੂੰ ਅਹਿਮ ਵਸਤੂ ਵਜੋਂ ਲੈਣ ਅਤੇ ਪ੍ਰਾਈਵੇਟ ਸਮੇਤ ਸਾਰੇ ਹਸਪਤਾਲਾਂ ’ਚ ਆਕਸੀਜਨ ਖ਼ਪਤ ਦਾ ਹਿਸਾਬ-ਕਿਤਾਬ (ਆਡਿਟ) ਰੱਖਿਆ ਜਾਵੇ। ਇਹ ਫ਼ੈਸਲਾ ਦੇਸ਼ ਦੇ ਕਈ ਹਿੱਸਿਆਂ ’ਚ ਜੀਵਨ ਰੱਖਿਅਕ ਗੈਸ ਦੀ ਕਮੀ ਨੂੰ ਦੇਖਦਿਆਂ ਲਿਆ ਗਿਆ ਹੈ। ਇਥੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਸੰਯੁਕਤ ਸਕੱਤਰ ਲਵ ਅਗਰਵਾਲ ਨੇ ਕਿਹਾ ਕਿ ਮਹਾਮਾਰੀ ਦੀ ਸ਼ੁਰੂਆਤ ਤੋਂ ਹੀ ਸਰਕਾਰ ਨੇ ਆਕਸੀਜਨ ਵਾਲੇ ਬੈੱਡਾਂ ਨੂੰ ਇਲਾਜ ’ਚ ਸਭ ਤੋਂ ਜ਼ਰੂਰੀ ਹਿੱਸਾ ਮੰਨਿਆ ਹੈ। ਉਨ੍ਹਾਂ ਕਿਹਾ,‘‘ਸਰਕਾਰ ਨੇ ਅਪਰੈਲ-ਮਈ 2020 ’ਚ ਕੌਮੀ ਪੱਧਰ ’ਤੇ 1,02,400 ਆਕਸੀਜਨ ਸਿਲੰਡਰ ਖ਼ਰੀਦ ਕੇ ਸੂਬਿਆਂ ਨੂੰ ਵੰਡੇ ਸਨ। ਅਸੀਂ ਸੂਬਿਆਂ ਨੂੰ ਬੇਨਤੀ ਕੀਤੀ ਸੀ ਕਿ ਉਹ ਉਪਲੱਬਧ ਆਕਸੀਜਨ ਨੂੰ ਅਹਿਮ ਵਸਤੂ ਮੰਨਣ ਅਤੇ ਆਕਸੀਜਨ ਦੀ ਸਮਝਦਾਰੀ ਨਾਲ ਵਰਤੋਂ ਯਕੀਨੀ ਬਣਾਈ ਜਾਵੇ।’’ ਕੇਂਦਰ ਵੱਲੋਂ ਆਕਸੀਜਨ ਦੀ ਸਪਲਾਈ ਲਈ ਉਠਾਏ ਗਏ ਕਦਮਾਂ ਬਾਰੇ ਉਨ੍ਹਾਂ ਕਿਹਾ ਕਿ ਕੌਮੀ ਫਾਰਮਾਸਿਊਟੀਕਲ ਪ੍ਰਾਈਸਿੰਗ ਅਥਾਰਿਟੀ ਨੇ ਤਰਲ ਮੈਡੀਕਲ ਆਕਸੀਜਨ ਦੀ ਕੀਮਤ ਤੈਅ ਕਰਨ ਲਈ ਹਦਾਇਤਾਂ ਜਾਰੀ ਕੀਤੀਆਂ ਹਨ। ਸ੍ਰੀ ਅਗਰਵਾਲ ਨੇ ਕਿਹਾ ਕਿ ਦੇਸ਼ ’ਚ 154 ਐੱਮਟੀ ਸਮਰੱਥਾ ਵਾਲੇ 162 ਪ੍ਰੈਸ਼ਰ ਸਵਿੰਗ ਐਡਸੋਰਪਸ਼ਨ ਪਲਾਂਟਾਂ ਨੂੰ ਮਨਜ਼ੂਰੀ ਦਿੱਤੀ ਹੈ। ਇਨ੍ਹਾਂ ’ਚੋਂ 52 ਪਲਾਂਟ ਪਹਿਲਾਂ ਹੀ ਸਥਾਪਤ ਹੋ ਗਏ ਹਨ ਜਦਕਿ 87 ਦਾ ਕੰਮ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਸੂਬਿਆਂ ਨੂੰ 8,593 ਐੱਮਟੀ ਆਕਸੀਜਨ ਦਿੱਤੀ ਗਈ ਹੈ। ‘21 ਅਪਰੈਲ ਨੂੰ 1,27,000 ਆਕਸੀਜਨ ਸਿਲੰਡਰਾਂ ਦਾ ਆਰਡਰ ਦਿੱਤਾ ਗਿਆ ਹੈ ਅਤੇ ਇਹ ਦੋ ਕੁ ਦਿਨਾਂ ’ਚ ਮਿਲਣ ਦੀ ਸੰਭਾਵਨਾ ਹੈ।’ ਉਨ੍ਹਾਂ ਸੂਬਿਆਂ ਨੂੰ ਹਸਪਤਾਲਾਂ ’ਤੇ ਨਿਗਰਾਨੀ ਰੱਖਣ ਲਈ ਵੀ ਕਿਹਾ ਹੈ। -ਪੀਟੀਆਈ
ਭਾਰਤ ਕੋਲ ਆਕਸੀਜਨ ਦਾ ਲੋੜੀਂਦਾ ਸਟਾਕ: ਕੇਂਦਰ
ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਕਿਹਾ ਹੈ ਕਿ ਮੈਡੀਕਲ ਆਕਸੀਜਨ ਦੀ ਨਿਆਂਸੰਗਤ ਵਰਤੋਂ ਯਕੀਨੀ ਬਣਾਈ ਜਾਵੇ। ਇਸ ਨੂੰ ਬਿਲਕੁਲ ਬਰਬਾਦ ਨਾ ਹੋਣ ਦਿੱਤਾ ਜਾਵੇ ਕਿਉਂਕਿ ਕਰੋਨਾਵਾਇਰਸ ਦੇ ਕੇਸ ਵੱਧ ਰਹੇ ਹਨ ਤੇ ਇਹ ਗੈਸ ਜਾਨਾਂ ਬਚਾਉਣ ਲਈ ਬਹੁਤ ਜ਼ਰੂਰੀ ਹੈ। ਗ੍ਰਹਿ ਮੰਤਰਾਲੇ ਦੇ ਇਕ ਅਧਿਕਾਰੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਕਸੀਜਨ ਦੀ ਉਪਲੱਬਧਤਾ ਬਾਰੇ ਸੋਚ ਕੇ ਨਾ ਘਬਰਾਉਣ। ਦੇਸ਼ ਕੋਲ ਆਕਸੀਜਨ ਦਾ ਲੋੜੀਂਦਾ ਸਟਾਕ ਹੈ। ਮੰਤਰਾਲੇ ਨੇ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਕਿਹਾ ਹੈ ਕਿ ਉਹ ਹਸਪਤਾਲਾਂ ਤੇ ਲੋਕਾਂ ਨੂੰ ਜਾਗਰੂਕ ਕਰਨ ਕਿ ਮੌਜੂਦਾ ਹਾਲਤਾਂ ਵਿਚ ਆਕਸੀਜਨ ਬਿਲਕੁਲ ਬਰਬਾਦ ਨਾ ਕੀਤੀ ਜਾਵੇ ਤੇ ਜਾਰੀ ਹਦਾਇਤਾਂ ਦਾ ਪਾਲਣ ਕੀਤਾ ਜਾਵੇ। ਗ੍ਰਹਿ ਮੰਤਰਾਲੇ ਮੁਤਾਬਕ ਪੂਰਬੀ ਭਾਰਤ ਦੇ ਆਕਸੀਜਨ ਉਤਪਾਦਕ ਰਾਜਾਂ ਤੋਂ ਆਕਸੀਜਨ ਨੂੰ ਜ਼ਿਆਦਾ ਮੰਗ ਵਾਲੇ ਉੱਤਰੀ ਤੇ ਕੇਂਦਰੀ ਭਾਰਤ ਦੇ ਰਾਜਾਂ ਤੱਕ ਪਹੁੰਚਾਉਣ ਦਾ ਮਸਲਾ ਹੱਲ ਕੀਤਾ ਜਾ ਰਿਹਾ ਹੈ। ਮੰਤਰਾਲੇ ਦੇ ਅਧਿਕਾਰੀ ਮੁਤਾਬਕ ਦੇਸ਼ ਵਿਚ ਆਕਸੀਜਨ ਉਤਪਾਦਨ 125 ਫ਼ੀਸਦ ਤੱਕ ਵਧਾ ਦਿੱਤਾ ਗਿਆ ਹੈ ਤੇ ਮੌਜੂਦਾ ਸਮਰੱਥਾ 7500 ਮੀਟ੍ਰਿਕ ਟਨ ਤੱਕ ਪਹੁੰਚ ਗਈ ਹੈ। ਇਸ ਤੋਂ ਇਲਾਵਾ ਬਾਹਰੋਂ ਵੀ ਆਕਸੀਜਨ ਮੰਗਵਾਈ ਜਾ ਰਹੀ ਹੈ। ਨਾਈਟ੍ਰੋਜਨ ਗੈਸ ਲਿਜਾਣ ਵਾਲੇ 50 ਪ੍ਰਤੀਸ਼ਤ ਟੈਂਕਰਾਂ ਨੂੰ ਆਕਸੀਜਨ ਲਿਜਾਣ ਵਾਲੇ ਵਾਹਨਾਂ ਵਿਚ ਤਬਦੀਲ ਕਰਨ ਦਾ ਹੁਕਮ ਜਾਰੀ ਕੀਤਾ ਗਿਆ ਹੈ। -ਪੀਟੀਆਈ