ਸ੍ਰੀਨਗਰ, 7 ਮਾਰਚ
ਕਸ਼ਮੀਰ ਵਾਦੀ ਵਿਚ ‘ਸਟਿਕੀ ਬੰਬਾਂ’ ਦੀ ਮੌਜੂਦਗੀ ਦਾ ਸ਼ੱਕ ਹੋਣ ’ਤੇ ਸੁਰੱਖਿਆ ਬਲਾਂ ਨੇ ਇਸ ਤਰ੍ਹਾਂ ਦੇ ਮਾਮਲਿਆਂ ਵਿਚ ਪਹਿਲਾਂ ਜਾਰੀ ਹਦਾਇਤਾਂ ’ਚ ਫੇਰਬਦਲ ਸ਼ੁਰੂ ਕਰ ਦਿੱਤੀ ਹੈ। ਬਲਾਂ ਨੇ ਆਮ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਆਪਣੇ ਵਾਹਨਾਂ ਨੂੰ ਲਾਵਾਰਿਸ ਨਾ ਛੱਡਣ। ਦੱਸਣਯੋਗ ਹੈ ਕਿ ਜੰਮੂ ਕਸ਼ਮੀਰ ਦੇ ਸਾਂਬਾ ਵਿਚ ਪਿਛਲੇ ਮਹੀਨੇ ਕੌਮਾਂਤਰੀ ਸਰਹੱਦ ’ਤੇ ਮਿਲੀ 14 ਆਈਈਡੀ ਵਿਚ ਮੈਗਨੇਟ (ਚੁੰਬਕ) ਲੱਗਾ ਹੋਇਆ ਸੀ ਤਾਂ ਕਿ ਇਸ ਨੂੰ ਵਾਹਨਾਂ ਦੇ ਨਾਲ ਚਿਪਕਾ ਦਿੱਤਾ ਜਾਵੇ ਤੇ ਜਦ ਮਰਜ਼ੀ ਟਾਈਮਰ ਲਾ ਕੇ ਰਿਮੋਟ ਨਾਲ ਧਮਾਕਾ ਕਰ ਦਿੱਤਾ ਜਾਵੇ। ਦਹਿਸ਼ਤਗਰਦਾਂ ਦੀ ਇਹ ਤਕਨੀਕ ਜੰਮੂ ਕਸ਼ਮੀਰ ਵਿਚ ਅਤਿਵਾਦ ਦੇ ਨਵੇਂ ਆਗਾਜ਼ ਦਾ ਸੰਕੇਤ ਹੈ।
ਇਸ ਨੂੰ ਸੁਰੱਖਿਆ ਏਜੰਸੀਆਂ ਖ਼ਤਰੇ ਦੀ ਘੰਟੀ ਤੇ ਚੁਣੌਤੀ ਵਜੋਂ ਲੈ ਰਹੀਆਂ ਹਨ। ਕਸ਼ਮੀਰ ਵਿਚ ਆਈਈਡੀ ਮਿਲਣ ਤੋਂ ਬਾਅਦ ਏਜੰਸੀਆਂ ਚੌਕਸ ਸਨ ਤੇ ਇਸੇ ਦੌਰਾਨ ਇਹ ਬੰਬ ਬਰਾਮਦ ਕੀਤੇ ਗਏ ਸਨ। -ਪੀਟੀਆਈ