ਦੇਹਰਾਦੂਨ, 30 ਜੂਨ
ਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਹਰੀਸ਼ ਰਾਵਤ ਨੂੰ 2016 ਦੇ ਇਕ ਸਟਿੰਗ ਅਪਰੇਸ਼ਨ ਨਾਲ ਜੁੜੇ ਮਾਮਲੇ ਵਿਚ ਸੀਬੀਆਈ ਨੇ ਨੋਟਿਸ ਜਾਰੀ ਕੀਤਾ ਹੈ। ਉਨ੍ਹਾਂ ਨੂੰ 4 ਜੁਲਾਈ ਨੂੰ ਆਵਾਜ਼ ਦੇ ਨਮੂਨੇ ਦੇਣ ਲਈ ਪੇਸ਼ ਹੋਣ ਲਈ ਕਿਹਾ ਗਿਆ ਹੈ। ਸੀਬੀਆਈ ਦੇ ਅਧਿਕਾਰੀ ਵੀਰਵਾਰ ਸਵੇਰੇ ਰਾਵਤ ਦੀ ਰਿਹਾਇਸ਼ ’ਤੇ ਉਨ੍ਹਾਂ ਨੂੰ ਨੋਟਿਸ ਦੇਣ ਆਏ ਸਨ ਪਰ ਉਹ ਘਰ ਮੌਜੂਦ ਨਹੀਂ ਸਨ। ਇਹ ਨੋਟਿਸ ਉਨ੍ਹਾਂ ਨੂੰ ਬਾਅਦ ਵਿਚ ਦਿੱਤਾ ਗਿਆ। ਰਾਵਤ ਨੇ ਖ਼ੁਦ ਸੀਬੀਆਈ ਅਧਿਕਾਰੀਆਂ ਨੂੰ ਫੋਨ ਕਰ ਕੇ ਜਾਣੂ ਕਰਾਇਆ ਕਿ ਉਹ ਘਰ ਆ ਗਏ ਸਨ ਤੇ ਨੋਟਿਸ ਲੈਣਗੇ। ਸੀਬੀਆਈ ਦੇ ਨੋਟਿਸ ’ਤੇ ਪ੍ਰਤੀਕਿਰਿਆ ਦਿੰਦਿਆਂ ਕਾਂਗਰਸ ਆਗੂ ਨੇ ਕਿਹਾ ਕਿ ‘ਇਸ ਸਾਜ਼ਿਸ਼ ਭਰੇ ਸਟਿੰਗ ਅਪਰੇਸ਼ਨ ਕਾਰਨ’ ਉਨ੍ਹਾਂ ਤੇ ਉਨ੍ਹਾਂ ਦੀ ਪਾਰਟੀ ਨੂੰ ਜਿੰਨਾ ਨੁਕਸਾਨ ਹੋ ਸਕਦਾ ਸੀ, ਉਹ 2016-17 ਵਿਚ ਹੋ ਚੁੱਕਾ ਹੈ। ਰਾਵਤ ਨੇ ਨਾਲ ਹੀ ਕਿਹਾ ਕਿ ਉਹ ਕਾਨੂੰਨੀ ਕਾਰਵਾਈ ਦੇ ਸਾਹਮਣੇ ਲਈ ਤਿਆਰ ਹਨ ਤੇ ਆਸ ਹੈ ਇਕ ਦਿਨ ਨਿਆਂ ਮਿਲੇਗਾ ਅਤੇ ਸੱਚ ਸਾਹਮਣੇ ਆਵੇਗਾ। -ਪੀਟੀਆਈ