ਨਵੀਂ ਦਿੱਲੀ, 18 ਮਈ
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਮੋਦੀ ਸਰਕਾਰ ਨੂੰ ਲੋਕਾਂ ਦੀ ਜ਼ੁਬਾਨਬੰਦੀ ਕਰਨ ਦੀ ਥਾਂ ਕਰੋਨਾ ਨੂੰ ਰੋਕਣ ਉੱਤੇ ਜ਼ੋਰ ਦੇਣਾ ਚਾਹੀਦਾ ਹੈ। ਕਾਂਗਰਸ ਨੇ ਭਾਜਪਾ ਉੱਤੇ ‘ਫ਼ਰਜ਼ੀ ਟੂਲਕਿੱਟ’ ਰਾਹੀਂ ਉਸ ਨੂੰ ਬਦਨਾਮ ਕਰਨ ਦਾ ਦੋਸ਼ ਲਾਇਆ। ਕਾਂਗਰਸ ਨੇ ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਢਾ, ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਅਤੇ ਬੀਐੱਲ ਸੰਤੋਸ਼ ਅਤੇ ਸੰਬਿਤ ਪਾਤਰਾ ਖ਼ਿਲਾਫ਼ ‘ਫ਼ਰਜ਼ੀ ਖ਼ਬਰਾਂ ਬਣਾਉਣ ਅਤੇ ਫੈਲਾਉਣ’ ਦੇ ਦੋਸ਼ ਤਹਿਤ ਦਿੱਲੀ ਪੁਲੀਸ ਕੋਲ ਸ਼ਿਕਾਇਤ ਵੀ ਕੀਤੀ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਦੇਸ਼ ਅਜਿਹੀ ਤਰਸਯੋਗ ਹਾਲਤ ਨਾ ਪਹੁੰਚਦਾ ਜੇ ਮੋਦੀ ਸਿਸਟਮ ਖ਼ਿਲਾਫ਼ ਸਵਾਲ ਉਠਾਉਣ ਵਾਲੇ ਲੋਕਾਂ ਨੂੰ ਗ੍ਰਿਫ਼ਤਾਰ ਕਰਨ ਦੀ ਥਾਂ ਸੌਖੇ ਢੰਗ ਨਾਲ ਵੈਕਸੀਨ ਮੁਹੱਈਆ ਕਰਵਾਈ ਹੁੰਦੀ। ਉਨ੍ਹਾਂ ਕਿਹਾ, ‘‘ਕਰੋਨਾ ਨੂੰ ਰੋਕੋ, ਸਵਾਲ ਚੁੱਕਣ ਵਾਲਿਆਂ ਨੂੰ ਨਹੀਂ।’’ ਸਾਂਝੀ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਖੋਜ ਸੈੱਲ ਦੇ ਮੁਖੀ ਰਾਜੀਵ ਗੌੜਾ ਅਤੇ ਬੁਲਾਰੇ ਪਵਨ ਖਹਿਰਾ ਨੇ ਕਿਹਾ ਕਿ ਭਾਜਪਾ ਕਰੋਨਾ ਮਹਾਮਾਰੀ ਦੌਰਾਨ ਲੋਕਾਂ ਦੀ ਮਦਦ ਕਰਨ ਦੀ ਥਾਂ ਘਟੀਆ ਪੱਧਰ ਦੀ ਸਿਆਸਤ ਕਰ ਰਹੀ ਹੈ ਅਤੇ ਅਜਿਹੀਆਂ ਚਾਲਾਂ ਖ਼ਿਲਾਫ਼ ਉਹ ਕਦੇ ਨਹੀਂ ਝੁਕਣਗੇ। -ਪੀਟੀਆਈ