ਅਹਿਮਦਾਬਾਦ, 2 ਜੁਲਾਈ
ਗੁਜਰਾਤ ’ਚ ਭਾਰੀ ਮੀਂਹ ਕਾਰਨ ਜਿੱਥੇ ਕਈ ਇਲਾਕਿਆਂ ਵਿੱਚ ਹੜ੍ਹਾਂ ਜਿਹੇ ਹਾਲਾਤ ਬਣ ਗਏ ਹਨ, ਉੱਥੇ ਕਈ ਪਿੰਡਾਂ ਦਾ ਸੰਪਰਕ ਵੀ ਟੁੱਟ ਗਿਆ ਹੈ। ਸੂਬੇ ਦੇ ਐਮਰਜੈਂਸੀ ਅਪਰੇਸ਼ਨ ਸੈਂਟਰ ਦੇ ਅਧਿਕਾਰੀਆਂ ਨੇ ਦੱਸਿਆ ਕਿ ਪਿਛਲੇ 24 ਘੰਟਿਆਂ ਦੌਰਾਨ ਵਲਸਾਡ ਤੇ ਨਵਸਾਰੀ ਜ਼ਿਲ੍ਹਿਆਂ ਦੇ ਕੁਝ ਹਿੱਸਿਆਂ ਵਿੱਚ ਭਾਰੀ ਮੀਂਹ ਪਿਆ। ਇਸ ਦੌਰਾਨ ਜਿੱਥੇ ਕਈ ਪਿੰਡਾਂ ਦਾ ਸੜਕਾਂ ਨਾਲੋਂ ਸੰਪਰਕ ਟੁੱਟ ਗਿਆ ਉੱਥੇ ਕਈ ਥਾਈਂ ਹੜ੍ਹਾਂ ਦੇ ਪਾਣੀ ਕਾਰਨ ਸੜਕਾਂ ਹੀ ਵਹਿ ਗਈਆਂ। ਐੱਨਡੀਆਰਐੱਫ ਤੇ ਐੱਸਡੀਆਰਐੱਫ ਦੀਆਂ ਟੀਮਾਂ ਫਸੇ ਹੋਏ ਲੋਕਾਂ ਨੂੰ ਬਚਾਉਣ ਦੇ ਕਾਰਜਾਂ ’ਚ ਜੁਟੀਆਂ ਹੋਈਆਂ ਹਨ। ਪੁਲੀਸ ਮੁਤਾਬਕ ਜਾਮਨਗਰ ਸਭ ਤੋਂ ਵੱਧ ਪ੍ਰਭਾਵਿਤ ਜ਼ਿਲ੍ਹਾ ਰਿਹਾ ਹੈ, ਜਿੱਥੇ ਹੁਣ ਤੱਕ 11 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਅਧਿਕਾਰੀਆਂ ਮੁਤਾਬਕ ਪਿਛਲੇ 24 ਘੰਟਿਆਂ ’ਚ ਸੂਬੇ ਵਿੱਚ 32 ਮਿਲੀਮੀਟਰ ਔਸਤ ਮੀਂਹ ਪੈ ਚੁੱਕਾ ਹੈ ਜਦਕਿ ਵਲਸਾਡ ਦੇ ਧਰਮਪੁਰ ਤਾਲੁਕਾ ਵਿੱਚ ਸਭ ਤੋਂ ਵੱਧ 234 ਮਿਲੀਮੀਟਰ ਮੀਂਹ ਪਿਆ ਹੈ। ਇਸ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਗੁਜਰਾਤ ਸਰਕਾਰ ਵੱਲੋਂ ਲੋਕਾਂ ਨੂੰ ਰਾਹਤ ਪਹੁੰਚਾਉਣ ਲਈ ਸਾਰੇ ਕਦਮ ਚੁੱਕੇ ਜਾ ਰਹੇ ਹਨ। -ਪੀਟੀਆਈ
ਮੁੱਖ ਮੰਤਰੀ ਪਟੇਲ ਵੱਲੋਂ ਜਾਮਨਗਰ ਦਾ ਦੌਰਾ
ਜਾਮਨਗਰ (ਗੁਜਰਾਤ): ਮੁੱਖ ਮੰਤਰੀ ਭੁਪੇਂਦਰ ਪਟੇਲ ਨੇ ਜਾਮਨਗਰ ਸ਼ਹਿਰ ਵਿੱਚ ਭਾਰੀ ਮੀਂਹ ਕਾਰਨ ਆਏ ਹੜ੍ਹਾਂ ਤੋਂ ਪ੍ਰਭਾਵਿਤ ਹੋਏ ਪਰਿਵਾਰਾਂ ਨਾਲ ਮੁਲਾਕਾਤ ਕੀਤੀ। ਇਸ ਤੋਂ ਪਹਿਲਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੁੱਖ ਮੰਤਰੀ ਨਾਲ ਫੋਨ ’ਤੇ ਕੀਤੀ ਗੱਲਬਾਤ ਦੌਰਾਨ ਕੇਂਦਰ ਸਰਕਾਰ ਵੱਲੋਂ ਸੂਬੇ ਨੂੰ ਹਰ ਸੰਭਵ ਸਹਾਇਤਾ ਦੇਣ ਦਾ ਭਰੋਸਾ ਦਿਵਾਇਆ।- ਏਐੱਨਆਈ
ਸਾਰੇ ਮੁਲਕ ’ਚ ਮੌਨਸੂਨ ਛੇ ਦਿਨ ਪਹਿਲਾਂ ਪੁੱਜਾ
ਨਵੀਂ ਦਿੱਲੀ: ਭਾਰਤ ਦੇ ਮੌਸਮ ਵਿਭਾਗ ਨੇ ਅੱਜ ਦੱਸਿਆ ਕਿ ਦੱਖਣ-ਪੱਛਮੀ ਮੌਨਸੂਨ ਨੇ ਆਮ ਨਾਲੋਂ ਛੇ ਦਿਨ ਪਹਿਲਾਂ ਪੂਰੇ ਮੁਲਕ ’ਚ ਦਸਤਕ ਦੇ ਦਿੱਤੀ ਹੈ। ਹੁਣ ਇਹ ਰਾਜਸਥਾਨ, ਪੰਜਾਬ ਤੇ ਹਰਿਆਣਾ ਦੇ ਬਾਕੀ ਰਹਿੰਦੇ ਹਿੱਸਿਆਂ ਵਿੱਚ ਅੱਗੇ ਵਧ ਰਿਹਾ ਹੈ। ਮੌਸਮ ਵਿਭਾਗ ਨੇ ਦੱਸਿਆ ਕਿ ਹਰ ਸਾਲ ਵਾਂਗ ਇਸ ਵਾਰ 8 ਜੁਲਾਈ ਤੋਂ ਪਹਿਲਾਂ ਹੀ ਮੌਨਸੂਨ ਪੂਰੇ ਮੁਲਕ ਵਿੱਚ ਪੁੱਜ
ਚੁੱਕਾ ਹੈ।