ਨਵੀਂ ਦਿੱਲੀ, 16 ਮਈ
ਚੱਕਰਵਾਤੀ ਤੂਫ਼ਾਨ ‘ਤੌਕਤੇ’ ਦੇ ਮੱਦੇਨਜ਼ਰ ਭਾਜਪਾ ਦੇ ਪ੍ਰਧਾਨ ਜੇ ਪੀ ਨੱਢਾ ਨੇ ਅੱਜ ਤੱਟਵਰਤੀ ਸੂਬਿਆਂ ਦੇ ਪਾਰਟੀ ਆਗੂਆਂ ਨਾਲ ਗੱਲਬਾਤ ਕੀਤੀ ਤੇ ਕਿਹਾ ਕਿ ਪਾਰਟੀ ਦੇ ਮੈਂਬਰ ਪੀੜਤ ਲੋਕਾਂ ਦੀ ਹਰ ਸੰਭਵ ਮਦਦ ਕਰਨਗੇ। ਗੋਆ, ਮਹਾਰਾਸ਼ਟਰ, ਕੇਰਲ, ਕਰਨਾਟਕ, ਦਮਨ ਤੇ ਦੀਊ ਅਤੇ ਗੁਜਰਾਤ ਦੇ ਭਾਜਪਾ ਦੇ ਸੰਸਦ ਮੈਂਬਰਾਂ, ਵਿਧਾਇਕਾਂ ਤੇ ਅਧਿਕਾਰੀਆਂ ਨੇ ਨੱਢਾ ਨਾਲ ਡਿਜੀਟਲ ਮਾਧਿਅਮ ਰਾਹੀਂ ਗੱਲਬਾਤ ਕੀਤੀ।
ਭਾਜਪਾ ਪ੍ਰਧਾਨ ਨੇ ਮਗਰੋਂ ਟਵੀਟ ਕੀਤਾ, ‘ਚੱਕਰਵਾਤ ਤੌਕਤੇ ਗੋਆ, ਮਹਾਰਾਸ਼ਟਰ, ਕੇਰਲ, ਕਰਨਾਟਕ, ਦਮਨ ਤੇ ਦੀਊ ਅਤੇ ਗੁਜਰਾਤ ਦੇ ਤੱਟਵਰਤੀ ਖੇਤਰਾਂ ਵੱਲ ਵਧ ਰਿਹਾ ਹੈ। ਪ੍ਰਭਾਵਿਤ ਖੇਤਰਾਂ ਦੇ ਭਾਜਪਾ ਸੰਸਦ ਮੈਂਬਰਾਂ, ਵਿਧਾਇਕਾਂ ਤੇ ਅਧਿਕਾਰੀਆਂ ਨਾਲ ਰਾਹਤ ਕਾਰਜਾਂ ਸਬੰਧੀ ਚਰਚਾ ਕੀਤੀ। ਕੋਵਿਡ-19 ਨਾਲ ਸਬੰਧਤ ਹਦਾਇਤਾਂ ਦਾ ਪਾਲਣ ਕਰਦੇ ਹੋਏ ਅਸੀਂ ਹਰ ਸੰਭਵ ਮਦਦ ਮੁਹੱਈਆ ਕਰਾਂਗੇ।’
ਮੌਸਮ ਵਿਭਾਗ ਅਨੁਸਾਰ ‘ਤੌਕਤੇ’ ਬਹੁਤ ਗੰਭੀਰ ਚੱਕਰਵਾਤੀ ਤੂਫ਼ਾਨ ਵਿੱਚ ਬਦਲ ਗਿਆ ਹੈ ਤੇ ਗੁਜਰਾਤ ਦੇ ਤੱਟ ਵੱਲ ਵਧ ਰਿਹਾ ਹੈ। ਇਸੇ ਕਾਰਨ ਗੁਜਰਾਤ ਅਤੇ ਦਮਨ ਤੇ ਦੀਊ ਵਿੱਚ ਚਿਤਾਵਨੀ ਜਾਰੀ ਕਰ ਦਿੱਤੀ ਗਈ ਹੈ। -ਪੀਟੀਆਈ
ਸ਼ਾਹ ਨੇ ਮੁੱਖ ਮੰਤਰੀਆਂ ਨਾਲ ਬੈਠਕ ਕਰ ਕੇ ਪ੍ਰਬੰਧਾਂ ਦਾ ਜਾਇਜ਼ਾ ਲਿਆ
ਨਵੀਂ ਦਿੱਲੀ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਗੁਜਰਾਤ, ਮਹਾਰਾਸ਼ਟਰ, ਦਮਨ ਤੇ ਦੀਊ ਅਤੇ ਦਾਦਰਾ ਤੇ ਨਗਰ ਹਵੇਲੀ ਦੇ ਮੁੱਖ ਮੰਤਰੀਆਂ ਨਾਲ ਚੱਕਰਵਾਤੀ ਤੂਫ਼ਾਨ ‘ਤੌਕਤੇ’ ਨਾਲ ਨਜਿੱਠਣ ਲਈ ਕੀਤੀਆਂ ਤਿਆਰੀਆਂ ਬਾਰੇ ਬੈਠਕ ਕੀਤੀ। ਇਸ ਮੌਕੇ ਪ੍ਰਬੰਧਾਂ ਦੀ ਸਮੀਖਿਆ ਕੀਤੀ ਗਈ। ਸ਼ਾਹ ਨੇ ਸੂਬਾਈ ਤੇ ਕੇਂਦਰੀ ਮੰਤਰਾਲਿਆਂ ਵੱਲੋਂ ਕੀਤੇ ਗਏ ਪ੍ਰਬੰਧਾਂ ਦਾ ਜਾਇਜ਼ਾ ਲਿਆ। ‘ਤੌਕਤੇ’ 17 ਮਈ ਸ਼ਾਮ ਤੱਕ ਗੁਜਰਾਤ ਦੇ ਤੱਟ ਉਤੇ ਪਹੁੰਚ ਸਕਦਾ ਹੈ। -ਪੀਟੀਆਈ