ਨਵੀਂ ਦਿੱਲੀ, 21 ਨਵੰਬਰ
ਕਰੋਨਾ ਟੀਕਾਕਰਨ ਕਰਵਾ ਚੁੱਕੇ ਲੋਕਾਂ ਲਈ ਸਰਕਾਰ ਨੇ ਯੋਜਨਾਬੱਧ ਰਣਨੀਤੀਆਂ ਬਣਾਈਆਂ ਹਨ, ਜਿਨ੍ਹਾਂ ਵਿੱਚ ਹਫਤਾਵਾਰੀ ਜਾਂ ਮਾਸਿਕ ਲੱਕੀ ਡਰਾਅ ਕੱਢਣਾ ਸ਼ਾਮਲ ਹੈ। ਇਸ ਦਾ ਉਦੇਸ਼ ਹੋਰਨਾਂ ਲੋਕਾਂ ਨੂੰ ਕਰੋਨਾ ਵੈਕਸੀਨ ਲਵਾਉਣ ਲਈ ਉਤਸ਼ਾਹਿਤ ਕਰਨਾ ਹੈ। ਸੂਤਰਾਂ ਅਨੁਸਾਰ ਕੇਂਦਰੀ ਸਿਹਤ ਮੰਤਰਾਲੇ ਨੇ ਕੰਮ ਵਾਲੀ ਥਾਂ ‘ਤੇ ਟੀਕਾਕਰਨ ਕਰਨ ਅਤੇ ਵੈਕਸੀਨ ਦੀਆਂ ਪੂਰੀਆਂ ਖੁਰਾਕਾਂ ਲੈ ਚੁੱਕੇ ਕਰਮਚਾਰੀਆਂ ਨੂੰ ਬੈਜ ਦੇਣ ਦੀ ਵੀ ਯੋਜਨਾ ਬਣਾਈ ਹੈ। ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਛੇਤੀ ਹੀ ਇਹ ਪਹਿਲਕਦਮੀਆਂ ਸ਼ੁਰੂ ਕਰਨ ਲਈ ਸੁਝਾਅ ਦਿੱਤਾ ਜਾ ਸਕਦਾ ਹੈ। ਇਸ ਦੇ ਨਾਲ ਹੀ ਜ਼ਿਲ੍ਹਿਆਂ ਜਾਂ ਪਿੰਡਾਂ ਵਿੱਚ ਉਨ੍ਹਾਂ ਪ੍ਰਭਾਵਸ਼ਾਲੀ ਸ਼ਖਸੀਅਤਾਂ ਜੋ ਆਪ ਦੋਵੇਂ ਖੁਰਾਕਾਂ ਲੈ ਚੁੱਕੀਆਂ ਹਨ ਤੋਂ ਲੋਕਾਂ ਨੂੰ ਟੀਕਾਕਰਨ ਲਈ ਉਤਸ਼ਾਹਤ ਕਰਨ ਵਿੱਚ ਮਦਦ ਲਈ ਜਾਵੇਗੀ। -ਪੀਟੀਆਈ