ਨਵੀਂ ਦਿੱਲੀ, 11 ਨਵੰਬਰ
ਕੇਂਦਰੀ ਮੰਤਰੀ ਮੁਖ਼ਤਾਰ ਅੱਬਾਸ ਨਕਵੀ ਨੇ ਅੱਜ ਕਿਹਾ ਕਿ ਘੱਟ ਗਿਣਤੀ ਮਾਮਲਿਆਂ ਬਾਰੇ ਮੰਤਰਾਲੇ ਦਾ ਰਵਾਇਤੀ ਕਲਾਕਾਰਾਂ ਅਤੇ ਹੁਨਰਮੰਦਾਂ ਵਲੋਂ ਬਣਾਈਆਂ ਵਸਤਾਂ ਬਾਰੇ ਮੰਚ ‘ਹੁਨਰ ਹਾਟ’ ਦੇਸ਼ ਦੇ ‘ਆਤਮਨਰਿਭਰ ਭਾਰਤ’ ਅਤੇ ‘ਵੋਕਲ ਫਾਰ ਲੋਕਲ’ ਦੇ ਸੰਕਲਪ ਦੀ ਮਜ਼ਬੂਤੀ ਵਿੱਚ ਕਾਰਗਰ ਸਾਬਤ ਹੋ ਰਿਹਾ ਹੈ।
ਊਨ੍ਹਾਂ ਨੇ ਇਹ ਟਿੱਪਣੀਆਂ ਇੱਥੇ ਪੀਤਮਪੁਰਾ ਵਿੱਚ ਦਿੱਲੀ ਹਾਟ ਦੇ ਊਦਘਾਟਨ ਮੌਕੇ ਕੀਤੀਆਂ। ਊਨ੍ਹਾਂ ਨੇ ਸਾਂਝੇ ਤੌਰ ’ਤੇ ਘੱਟ ਗਿਣਤੀਆਂ ਬਾਰੇ ਰਾਜ ਮੰਤਰੀ ਕਿਰਨ ਰਿਜਿਜੂ ਨਾਲ ‘ਹੁਨਰ ਹਾਟ’ ਦਾ ਊਦਘਾਟਨ ਕੀਤਾ। ਮਹਾਮਾਰੀ ਫੈਲਣ ਤੋਂ ਬਾਅਦ ਇਹ ਪਹਿਲਾ ‘ਹੁਨਰ ਹਾਟ’ ਹੈ ਅਤੇ ਇਹ 11-12 ਨਵੰਬਰ ਨੂੰ ‘ਵੋਕਲ ਫਾਰ ਲੋਕਲ’ ਦੇ ਵਿਸ਼ੇ ਹੇਠ ਕਰਵਾਇਆ ਜਾ ਰਿਹਾ ਹੈ। ਨਕਵੀ ਨੇ ਕਿਹਾ ਕਿ ‘ਹੁਨਰ ਹਾਟ’ ਵਿੱਚ ਮਾਹਿਰ ਕਲਾਕਾਰਾਂ ਦੀਆਂ ਸਵਦੇਸ਼ੀ ਵਸਤਾਂ ‘ਮਾਣ’ ਅਤੇ ‘ਆਲਮੀ ਸ਼ਲਾਘਾ’ ਬਟੋਰ ਰਹੀਆਂ ਹਨ। ਮੰਤਰੀ ਨੇ ਕਿਹਾ ਕਿ ‘ਹੁਨਰ ਹਾਟ’ ਵਿੱਚ ਮਿੱਟੀ, ਧਾਤਾਂ, ਲੱਕੜ, ਗਲਾਸ, ਕਾਗਜ਼, ਕੱਪੜੇ, ਬਾਂਸ ਆਦਿ ਤੋਂ ਬਣੀਆਂ ਵਿਲੱਖਣ ਅਤੇ ਦੁਰਲੱਭ ਵਸਤਾਂ ਪ੍ਰਦਰਸ਼ਿਤ ਹਨ ਅਤੇ ਇਹ ਵਿਕਰੀ ਲਈ ਊਲਪੱਬਧ ਹਨ। ਊਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ‘ਸਵਦੇਸ਼ੀ’ ਦਾ ਹੋਕਾ ਦਿੱਤੇ ਜਾਣ ਮਗਰੋਂ ਦੇਸ਼ ਦੇ ਹਰ ਕੋਨੇ ਵਿੱਚ ਰਵਾਇਤੀ ਅਤੇ ਵਿਰਾਸਤੀ ਵਸਤਾਂ, ਜੋ ਲੋਪ ਹੋਣ ਦ। ਕੰਢੇ ਸਨ, ਨੂੰ ਹੁਲਾਰਾ ਮਿਲਿਆ ਹੈ। ਆਉਂਦੇ ਦਿਨਾਂ ਵਿੱਚ ਜੈਪੁਰ, ਚੰਡੀਗੜ੍ਹ, ਇੰਦੌਰ, ਮੁੰਬਈ, ਹੈਦਰਾਬਾਦ, ਲਖਨਊ, ਰਾਂਚੀ, ਕੋਟਾ ਆਦਿ ਵਿੱਚ ‘ਹੁਨਰ ਹਾਟ’ ਲਾਏ ਜਾਣਗੇ। -ਪੀਟੀਆਈ