ਨਵੀਂ ਦਿੱਲੀ, 23 ਨਵੰਬਰ
ਕਾਂਗਰਸ ਦੇ ਸੀਨੀਅਰ ਆਗੂ ਮਨੀਸ਼ ਤਿਵਾੜੀ ਨੇ ਆਪਣੀ ਨਵੀਂ ਕਿਤਾਬ ਵਿਚ ਸਾਲ 2008 ਦੇ ਮੁੰਬਈ ਅਤਿਵਾਦੀ ਹਮਲਿਆਂ ’ਤੇ ਜਵਾਬੀ ਪ੍ਰਤੀਕਿਰਿਆ ਬਾਰੇ ਤਤਕਾਲੀ ਯੂਪੀਏ ਸਰਕਾਰ ਦੀ ਆਲੋਚਨਾ ਕਰਦੇ ਹੋਏ ਕਿਹਾ ਹੈ ਕਿ ਕਈ ਵਾਰ ਸੰਜਮ ਕਮਜ਼ੋਰੀ ਦੀ ਨਿਸ਼ਾਨੀ ਹੁੰਦਾ ਹੈ ਤੇ ਭਾਰਤ ਨੂੰ ਉਸ ਵੇਲੇ ਕਰੜੀ ਕਾਰਵਾਈ ਕਰਨੀ ਚਾਹੀਦੀ ਸੀ। ਲੋਕ ਸਭਾ ਮੈਂਬਰ ਤਿਵਾੜੀ ਨੇ ਆਪਣੀ ਪੁਸਤਕ ‘10 ਫਲੈਸ਼ ਪੁਆਇੰਟਸ: 20 ਯੀਅਰਜ਼’ ਵਿਚ ਪਿਛਲੇ ਦੋ ਦਹਾਕਿਆਂ ਦੇ ਦੇਸ਼ ਦੇ ਸੁਰੱਖਿਆ ਹਾਲਾਤ ਉਤੇ ਰੌਸ਼ਨੀ ਪਾਈ ਹੈ। ਤਿਵਾੜੀ ਕਾਂਗਰਸ ਦੇ ਉਸ ‘ਜੀ23’ ਸਮੂਹ ਵਿਚ ਸ਼ਾਮਲ ਸਨ ਜਿਸ ਨੇ ਪਿਛਲੇ ਸਾਲ ਸੋਨੀਆ ਗਾਂਧੀ ਨੂੰ ਪੱਤਰ ਲਿਖ ਕੇ ਪਾਰਟੀ ਵਿਚ ਵਿਆਪਕ ਜਥੇਬੰਦਕ ਬਦਲਾਅ ਤੇ ਜ਼ਮੀਨ ’ਤੇ ਸਰਗਰਮ ਪ੍ਰਧਾਨ ਦੀ ਮੰਗ ਕੀਤੀ ਸੀ। ਤਿਵਾੜੀ ਨੇ ਅੱਜ ਟਵਿੱਟਰ ਉਤੇ ਲਿਖਿਆ, ‘ਜੇ ਕਿਸੇ ਦੇਸ਼ (ਪਾਕਿਸਤਾਨ) ਨੂੰ ਬੇਕਸੂਰ ਲੋਕਾਂ ਦੇ ਕਤਲੇਆਮ ਦਾ ਕੋਈ ਅਫ਼ਸੋਸ ਨਹੀਂ ਹੈ ਤਾਂ ਸੰਜਮ ਤਾਕਤ ਦੀ ਪਛਾਣ ਨਹੀਂ ਹੈ, ਬਲਕਿ ਕਮਜ਼ੋਰੀ ਦੀ ਨਿਸ਼ਾਨੀ ਹੈ।’ ਅਜਿਹੇ ਮੌਕੇ ਆਉਂਦੇ ਹਨ ਜਦ ਸ਼ਬਦਾਂ ਤੋਂ ਵੱਧ ਕਾਰਵਾਈ ਦਿਖਣੀ ਚਾਹੀਦੀ ਹੈ। 26/11 ਇਕ ਅਜਿਹਾ ਹੀ ਮੌਕਾ ਸੀ। ਭਾਜਪਾ ਨੇ ਇਸ ਪੁਸਤਕ ਦਾ ਹਵਾਲਾ ਦਿੰਦਿਆਂ ਦੋਸ਼ ਲਾਇਆ ਕਿ ਕਾਂਗਰਸ ਦੀ ਅਗਵਾਈ ਵਾਲੀ ਯੂਪੀਏ ਸਰਕਾਰ ਨੇ 2008 ਵਿਚ 26 ਨਵੰਬਰ ਦੇ ਹਮਲਿਆਂ ਤੋਂ ਬਾਅਦ ਉਸ ਤਰ੍ਹਾਂ ਦੀ ਮਜ਼ਬੂਤ ਕਾਰਵਾਈ ਨਹੀਂ ਕੀਤੀ, ਜਿਸ ਤਰ੍ਹਾਂ ਦੀ ਕੀਤੀ ਜਾਣੀ ਚਾਹੀਦੀ ਸੀ। -ਪੀਟੀਆਈ