ਨਵੀਂ ਦਿੱਲੀ, 4 ਮਈ
ਏਮਸ ਦੇ ਡਾਇਰੈਕਟਰ ਡਾ. ਰਣਦੀਪ ਗੁਲੇਰੀਆ ਨੇ ਅੱਜ ਕਿਹਾ ਕਿ ਜਿਨ੍ਹਾਂ ਖੇਤਰਾਂ ਵਿੱਚ ਕਰੋਨਾ ਦੇ ਦਸ ਫ਼ੀਸਦੀ ਦੀ ਦਰ ਤੋਂ ਵੱਧ ਕੇਸ ਜਾਂ ਕਰੋਨਾ ਮਰੀਜ਼ਾਂ ਨਾਲ 60 ਫ਼ੀਸਦੀ ਤੋਂ ਵੱਧ ਬੈੱਡ ਭਰੇ ਹੋਏ ਹਨ, ਉਥੇ ਸਖ਼ਤ ਲੌਕਡਾਊਨ ਲਾਉਣਾ ਚਾਹੀਦਾ ਹੈ। ਹਾਲਾਂਕਿ ਉਨ੍ਹਾਂ ਇਸ ਗੱਲ ’ਤੇ ਵੀ ਜ਼ੋਰ ਦਿੱਤਾ ਕਿ ਲੋਕਾਂ ਦੇ ਜੀਵਨ-ਨਿਰਬਾਹ ਨੂੰ ਧਿਆਨ ਵਿੱਚ ਰੱਖਦਿਆਂ ਪੂਰੇ ਦੇਸ਼ ਵਿੱਚ ਇਸ ਤਰ੍ਹਾਂ ਦੀਆਂ ਪਾਬੰਦੀਆਂ ਲਾਉਣਾ ਇੱਕੋ-ਇੱਕ ਹੱਲ ਨਹੀਂ ਹੋ ਸਕਦਾ। ਕਰੋਨਾਵਾਇਰਸ ’ਤੇ ਕਾਬੂ ਪਾਉਣ ਲਈ ਕੁੱਝ ਸੂਬਿਆਂ ਵੱਲੋਂ ਰਾਤ ਦਾ ਕਰਫਿਊ ਲਾਉਣ ਅਤੇ ਹਫ਼ਤਾਵਾਰੀ ਲੌਕਡਾਊਨ ਦੀ ਰਣਨੀਤੀ ਨੂੰ ਖਾਰਜ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਕਰੋਨਾ ਨੂੰ ਫੈਲਣ ਤੋਂ ਰੋਕਣ ਲਈ ਪ੍ਰਭਾਵਸ਼ਾਲੀ ਢੰਗ ਨਹੀਂ ਹੈ। -ਪੀਟੀਆਈ